ਐਨਆਈਏ ਵੱਲੋਂ ਖਾੜਕੂ ਪਰਮਜੀਤ ਸਿੰਘ ਉਰਫ਼ ਪੰਮਾ ਦੇ ਘਰ ਛਾਪੇਮਾਰੀ

ਬਜ਼ੁਰਗ ਮਾਪਿਆਂ ਤੋਂ ਕੀਤੀ ਲੰਮੀ ਪੁੱਛਗਿੱਛ, ਸਾਰੇ ਘਰ ਦੀ ਤਲਾਸ਼ੀ ਲਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਟੀਮ ਨੇ ਅੱਜ ਅਚਾਨਕ ਇੱਥੋਂ ਦੇ ਫੇਜ਼-3ਬੀ2 ਸਥਿਤ ਬੱਬਰ ਖਾਲਸਾ ਦੇ ਖਾੜਕੂ ਪਰਮਜੀਤ ਸਿੰਘ ਪੰਮਾ ਦੀ ਰਿਹਾਇਸ਼ ’ਤੇ ਛਾਪੇਮਾਰੀ ਕਰ ਕੇ ਉਸ ਦੇ ਬਜ਼ੁਰਗ ਮਾਪਿਆਂ ਤੋਂ ਲੰਮੀ ਪੁੱਛਗਿੱਛ ਕੀਤੀ ਅਤੇ ਸਾਰੇ ਘਰ ਦੀ ਤਲਾਸ਼ੀ ਲਈ। ਦੱਸਿਆ ਗਿਆ ਹੈ ਕਿ ਪੰਮਾ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਹੈ। ਇਸ ਸਮੇਂ ਉਹ ਲੰਡਨ ਵਿੱਚ ਗੁਰਪਤਵੰਤ ਸਿੰਘ ਪੰਨੂ ਨਾਲ ਗਤੀਵਿਧੀਆਂ ਚਲਾ ਰਿਹਾ ਹੈ। ਮੁਹਾਲੀ ਵਿਚਲੇ ਘਰ ਸਿਰਫ਼ ਉਸ ਦੇ ਮਾਤਾ-ਪਿਤਾ ਰਹਿੰਦੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ ਰੈਡਰੈਂਡਰਮ-2020 ਦੇ ਕਾਰਕੁਨਾਂ ਦੀ ਫੜੋ-ਫੜੀ ਜਾਰੀ ਹੈ। ਐਨਆਈਏ ਦੀ ਇਸ ਕਾਰਵਾਈ ਨੂੰ ਵੀ ਉਸੇ ਨਾਲ ਜੋੜਿਆ ਜਾ ਰਿਹਾ ਹੈ। ਦਿੱਲੀ ਤੋਂ ਮੁਹਾਲੀ ਪਹੁੰਚੀ ਐਨਆਈਏ ਦੀ ਟੀਮ ਵਿੱਚ ਲਗਭਗ ਦਰਜਨ ਅਧਿਕਾਰੀ ਸਨ। ਮੁਹਾਲੀ ਪੁਲੀਸ ਦੇ ਕਈ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਰਹੇ। ਪੰਮੇ ਦੀ ਮਾਤਾ ਬੀਬੀ ਰਤਨ ਕੌਰ ਅਤੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਐਨਆਈਦੀ ਟੀਮ ਸਵੇਰੇ ਸਾਢੇ 10 ਕੁ ਵਜੇ ਉਨ੍ਹਾਂ ਦੇ ਘਰ ਆਈ ਸੀ ਅਤੇ ਸ਼ਾਮ 4 ਵਜੇ ਤੱਕ ਘਰ ਦੀ ਫਰੋਲਾ ਫਰੋਲੀ ਕਰਦੀ ਰਹੀ ਅਤੇ ਉਨ੍ਹਾਂ ਨੂੰ ਕਿਸੇ ਨਾਲ ਗੱਲ ਤੱਕ ਕਰਨ ਨਹੀਂ ਦਿੱਤੀ। ਐਨਆਈਏ ਦੀ ਟੀਮ ਨੇ ਸਾਰੇ ਘਰ ਦੀ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਦੀਆਂ ਪਾਸ-ਬੱੁਕਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵਿਦੇਸ਼ ਤੋਂ ਪੰਮਾ ਵੱਲੋਂ ਭੇਜੇ ਜਾਂਦੇ ਪੈਸਿਆਂ ਅਤੇ ਹੋਰਨਾਂ ਵਿਦੇਸ਼ੀ ਫੰਡਾਂ ਬਾਰੇ ਪੁੱਛਿਆ ਗਿਆ। ਐਫ਼ਡੀ ਖਾਤੇ ਵੀ ਨੋਟ ਕੀਤੇ ਗਏ।
ਬੀਬੀ ਰਤਨ ਕੌਰ ਨੇ ਦੱਸਿਆ ਕਿ ਉਹ 2015 ਵਿੱਚ ਪਰਮਜੀਤ ਨੂੰ ਪੁਰਤਗਾਨ ਜੇਲ੍ਹ ਵਿੱਚ ਮਿਲ ਕੇ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਪੰਮੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ। ਮਾਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਚਾਰ-ਧੀ ਪੁੱਤਾਂ ’ਚੋਂ ਪੰਮਾ ਸਭ ਤੋਂ ਛੋਟਾ ਹੈ। ਉਨ੍ਹਾਂ ਦੇ ਵੱਡੇ ਬੇਟੇ ਪਰਮਿੰਦਰ ਸਿੰਘ ਉਰਫ਼ ਰਾਜਾ ਨੂੰ ਪੰਜਾਬ ਪੁਲੀਸ ਨੇ 1991 ਵਿੱਚ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਪੰਮੇ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਨਾਜਾਇਜ਼ ਅਸਲੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਪੰਮਾ 10 ਮਹੀਨੇ ਸੰਗਰੂਰ ਜੇਲ੍ਹ ਵਿੱਚ ਰਿਹਾ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ 1999 ਵਿੱਚ ਵਿਦੇਸ਼ ਚਲਾ ਗਿਆ ਅਤੇ ਇਸ ਸਮੇਂ ਉਹ ਲੰਡਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…