Nabaz-e-punjab.com

ਜਤਿੰਦਰਪਾਲ ਸਿੰਘ ਜੇਪੀ ਗੁਰਦੁਆਰਾ ਦੀ ਪ੍ਰਧਾਨਗੀ ਦੇ ਯੋਗ ਨਹੀਂ: ਜਥੇਦਾਰ ਅਕਾਲ ਤਖ਼ਤ ਸਾਹਿਬ

ਪ੍ਰਧਾਨ ਜਤਿੰਦਰਪਾਲ ਸਿੰਘ ਹਰੇਕ ਗੱਲ ’ਤੇ ਝੂਠ ਬੋਲਣ ਦਾ ਦੋਸ਼ੀ, ਪ੍ਰਧਾਨ ਦੀ ਪਤਨੀ ਨੇ ਲਾਏ ਕੁੱਟਮਾਰ ਕਰਨ ਦੇ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟ ਆਖਿਆ ਹੈ ਕਿ ਜਤਿੰਦਰਪਾਲ ਸਿੰਘ ਜੇਪੀ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਦੀ ਪ੍ਰਧਾਨਗੀ ਦੇ ਯੋਗ ਨਹੀਂ ਹੈ। ਘੋਖ ਕਮੇਟੀ ਦੀ ਪੜਤਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹਵਾਲੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਦੇ ਦਸਖ਼ਤਾਂ ਹੇਠ ਜਾਰੀ ਹੋਏ ਇਸ ਪੱਤਰ ਵਿੱਚ ਸਾਫ਼ ਲਿਖਿਆ ਹੈ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭ ਫੇਜ਼-4 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਵੱਲੋਂ ਸੰਗਤਾਂ ਨਾਲ ਕੀਤੇ ਜਾਂਦੇ ਦੁਰਵਿਹਾਰ ਅਤੇ ਪ੍ਰਬੰਧ ਸਬੰਧੀ ਸ਼ਿਕਾਇਤਾਂ ਪੁੱਜੀਆਂ ਸਨ। ਜਿਸ ਦੀ ਪੜਤਾਲ ਕਰਵਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਵਿਵਾਦ ਦੇ ਨਿਪਟਾਰੇ ਲਈ ਘੋਖ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਬੀਤੀ 16 ਜੂਨ 202ਰ ਨੂੰ ਦੋਵਾਂ ਪੱਖਾਂ ਦੀਆਂ ਸੰਗਤਾਂ ਨੂੰ ਬੁਲਾ ਕੇ ਇਹ ਕੇਸ ਵਿਚਾਰਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਅਨੁਸਾਰ ਲੰਮੀ ਵਿਚਾਰ ਚਰਚਾ ਤੋਂ ਬਾਅਦ ਘੋਖ ਕਮੇਟੀ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਪ੍ਰਧਾਨ ਜਤਿੰਦਰਪਾਲ ਸਿੰਘ ਹਰੇਕ ਗੱਲ ’ਤੇ ਝੂਠ ਬੋਲਣ ਦਾ ਦੋਸ਼ੀ ਹੈ। ਦਾੜਾ ਕਾਲਾ ਕਰਨ ਕਰਕੇ ਸਿੱਖ ਰਹਿਤ ਮਰਿਆਦਾ ਅਨੁਸਾਰ ਤਨਖ਼ਾਹੀਆਂ ਵੀ ਹੈ। ਗੁਰਦੁਆਰਾ ਸਾਹਿਬ ਵਿੱਚ ਰਾਗੀ ਸਿੰਘ/ਸੇਵਾਦਾਰਾਂ ਨੂੰ ਪ੍ਰੇਸ਼ਾਨ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। ਸਿੱਖ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਕਰਨ ਕਰਕੇ ਧਾਰਾ 295-ਏ ਤਹਿਤ ਉਸ ਦੇ ਖ਼ਿਲਾਫ਼ ਥਾਣੇ ਵਿੱਚ ਪਰਚਾ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਦੀ ਧਰਮ ਪਤਨੀ ਨੇ ਵੀ ਮੀਟਿੰਗ ਵਿੱਚ ਪੁੱਜ ਕੇ ਆਪਣੇ ਪਤੀ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਲਗਾਏ ਹਨ ਜੋ ਗੁਰਮਤਿ ਦੇ ਅਨੁਕੂਲ ਨਹੀਂ ਹਨ। ਇਸ ਲਈ ਜਤਿੰਦਰਪਾਲ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਕਰਨ ਦੇ ਯੋਗ ਨਹੀਂ ਹੈ।
ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖ ਕੇ ਆਦੇਸ਼ ਕੀਤਾ ਹੈ ਕਿ ਉਪਰੋਕਤ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਸਬੰਧੀ ਪੈਦਾ ਹੋਏ ਵਿਵਾਦ ਨੂੰ ਨਿਪਟਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਉੱਚ ਪੱਧਰੀ ਕਮੇਟੀ ਬਣਾ ਕੇ ਦੁਬਾਰਾ ਚੋਣ ਕਰਵਾਈ ਜਾਵੇ। ਉਦੋਂ ਤੱਕ ਗੁਰਦੁਆਰਾ ਸਾਹਿਬ ਦਾ ਮੁਕੰਮਲ ਪ੍ਰਬੰਧ ਚਲਾਉਣ ਲਈ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਦੀ ਡਿਊਟੀ ਲਗਾਈ ਜਾਵੇ।
(ਬਾਕਸ ਆਈਟਮ)
ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਪ੍ਰੰਤੂ ਕੁਝ ਸਿਆਸੀ ਵਿਰੋਧੀ ਝੂਠੀਆਂ ਸ਼ਿਕਾਇਤਾਂ ਦੀ ਆੜ ਵਿੱਚ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਕਸੂਰਵਾਰ ਹਨ ਤਾਂ ਉਨ੍ਹਾਂ ਨੂੰ ਹੁਣ ਤੱਕ ਤਨਖ਼ਾਹੀਆਂ ਕਿਉਂ ਨਹੀਂ ਘੋਸ਼ਿਤ ਕੀਤਾ ਗਿਆ। ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਪਤਨੀ ਨਾਲ ਝਗੜੇ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਬਰੀ ਕੀਤਾ ਜਾ ਚੁੱਕਾ ਹੈ। ਲਿਹਾਜ਼ਾ ਹੁਣ ਇਨ੍ਹਾਂ ਦੋਸ਼ਾਂ ਦੀ ਕੋਈ ਤੁਕ ਨਹੀਂ ਬਣਦੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…