nabaz-e-punjab.com

ਫਰਜ਼ੀ ਮੈਚ: ਖਰੜ ਅਦਾਲਤ ਵੱਲੋਂ ਮੁਲਜ਼ਮ ਦੰਦੀਵਾਲ ਤੇ ਸਾਥੀ ਦੀ ਜ਼ਮਾਨਤ ਮਨਜ਼ੂਰ

ਪਿੰਡ ਸਵਾੜਾ ਦੇ ਗਰਾਊਂਡ ਵਿੱਚ ਖੇਡੇ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਦਿਖਾਇਆ ਸੀ ਆਨਲਾਈਨ ਪ੍ਰਸਾਰਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਇੱਥੋਂ ਦੇ ਨਜ਼ਦੀਕੀ ਕਸਬਾ ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਦੀ ਆੜ ਵਿੱਚ ਕਰੋੜਾ ਰੁਪਏ ਦਾ ਸੱਟਾ ਲਗਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਰਵਿੰਦਰ ਸਿੰਘ ਦੰਦੀਵਾਲ ਵਾਸੀ ਨੌਹਰ (ਰਾਜਸਥਾਨ) ਅਤੇ ਦੁਰਗੇਸ਼ ਨੂੰ ਪੁਲੀਸ ਜ਼ਿਆਦਾ ਦੇਰ ਜੇਲ੍ਹ ਵਿੱਚ ਡੱਕ ਕੇ ਨਹੀਂ ਰੱਖ ਸਕੀ। ਪੰਜ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ ਲੁਧਿਆਣਾ ਜੇਲ੍ਹ ਭੇਜਿਆ ਗਿਆ ਸੀ ਪ੍ਰੰਤੂ ਅੱਜ ਜੁਡੀਸ਼ਲ ਮੈਜਿਸਟਰੇਟ ਅੰਕਿਤਾ ਗੁਪਤਾ ਦੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ।
ਬਚਾਅ ਪੱਖ ਦੇ ਵਕੀਲਾਂ ਰਣਜੋਧ ਸਿੰਘ ਸਰਾਓ ਅਤੇ ਹਰਮਨਜੀਤ ਸਿੰਘ ਨੇ ਮੁਲਜ਼ਮ ਦੰਦੀਵਾਲ ਅਤੇ ਦੁਰਗੇਸ਼ ਦੀ ਜ਼ਮਾਨਤ ਲਈ ਦੋ ਵੱਖੋ ਵੱਖ ਅਰਜ਼ੀਆਂ ਦਾਇਰ ਕੀਤੀਆਂ ਸਨ। ਹਾਲਾਂਕਿ ਪੁਲੀਸ ਨੇ ਮੁਲਜ਼ਮਾਂ ਨੂੰ ਜ਼ਮਾਨਤ ਨਾ ਦੇਣ ਦੀ ਗੁਹਾਰ ਲਗਾਉਂਦਿਆਂ ਕਿਹਾ ਗਿਆ ਕਿ ਉਨ੍ਹਾਂ ਦੇ ਖ਼ਿਲਾਫ਼ ਗੰਭੀਰ ਦੋਸ਼ ਹਨ ਪ੍ਰੰਤੂ ਬਚਾਅ ਪੱਖ ਨੇ ਉਸਾਰੂ ਦਲੀਲਾਂ ਪੇਸ਼ ਕਰਕੇ ਪੁਲੀਸ ਦੀ ਇਕ ਨਹੀਂ ਚੱਲਣ ਦਿੱਤੀ। ਵਕੀਲ ਸਰਾਓ ਨੇ ਕਿਹਾ ਕਿ ਦੰਦੀਵਾਲ ਬੇਕਸੂਰ ਹੈ। ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਦੰਦੀਵਾਲ ਦਾ ਐਫ਼ਆਈਆਰ ਵਿੱਚ ਨਾਂ ਤੱਕ ਨਹੀਂ ਹੈ ਜਦੋਂਕਿ ਜਿਨ੍ਹਾਂ ਦੋ ਵਿਅਕਤੀਆਂ ਪੰਕਜ ਅਰੋੜਾ ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਾਸੀ ਜ਼ੀਰਕਪੁਰ ਦੇ ਖ਼ਿਲਾਫ਼ ਥਾਣੇ ਵਿੱਚ ਕੇਸ ਦਰਜ ਹੈ। ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਗਈ ਹੈ। ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਦੰਦੀਵਾਲ ਤੋਂ ਹੁਣ ਤੱਕ ਪੁਲੀਸ ਕੋਈ ਸਮਾਨ ਬਰਾਮਦ ਨਹੀਂ ਕਰ ਸਕੀ ਹੈ। ਇਹੀ ਨਹੀਂ ਉਸ ਦੇ ਖ਼ਿਲਾਫ਼ ਕਿਸੇ ਵੱਲੋਂ ਸਿੱਧੇ ਤੌਰ ’ਤੇ ਕੋਈ ਸ਼ਿਕਾਇਤ ਵੀ ਨਹੀਂ ਦਿੱਤੀ ਗਈ ਹੈ। ਲਿਹਾਜ਼ਾ ਮੁਲਜ਼ਮ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਵੇ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੰਦੀਵਾਲ ਅਤੇ ਦੁਰਗੇਸ਼ ਦੀ ਜ਼ਮਾਨਤ ਮਨਜ਼ੂਰ ਕਰ ਲਈ। ਦੋਵੇਂ ਮੁਲਜ਼ਮਾਂ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਸਬੰਧੀ ਅਦਾਲਤ ਦੇ ਹੁਕਮਾਂ ਦੀ ਕਾਪੀ ਜੇਲ੍ਹ ਸੁਪਰਡੈਂਟ ਨੂੰ ਭੇਜੀ ਗਈ।
ਉਧਰ, ਜ਼ਿਲ੍ਹਾ ਪੁਲੀਸ ਦਿਹਾਤੀ ਦੀ ਜਾਣਕਾਰੀ ਅਨੁਸਾਰ ਮੁਲਜ਼ਮ ਦੰਦੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਲੋੜੀਂਦਾ ਹੈ। ਇਸ ਤੋਂ ਪਹਿਲਾਂ ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (ਸੀਸੀਆਈ) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾ ਕੇ ਹੁਣ ਤੱਕ ਮੁਹਾਲੀ, ਅੰਮ੍ਰਿਤਸਰ ਤੋਂ ਭੁਪਾਲ (ਮੱਧ ਪ੍ਰਦੇਸ਼) ਵਿੱਚ ਟੂਰਨਾਮੈਂਟ ਕਰਵਾਏ ਹਨ। ਸਭ ਤੋਂ ਪਹਿਲਾਂ ਉਸ ਨੇ 2016 ਵਿੱਚ ਅਗਸਤ-ਸਤੰਬਰ ਨੂੰ ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ ਸੀ। ਇਸ ਤੋਂ ਬਾਅਦ ਉਸ ਦਾ ਹੌਸ਼ਲਾ ਵਧ ਗਿਆ। ਫਿਰ ਉਹ ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਆ, ਜਿੱਥੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ’ਤੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਿਆ ਸੀ। ਇਸ ਟੂਰਨਾਮੈਂਟ ਵਿੱਚ ਮੈਚ ਫਿਕਸਿੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਸਕੈਡਲ ਹੋਣ ਨਾਲ ਵੀ ਡੰਡੀਵਾਲ ਦਾ ਨਾਮ ਜੁੜਿਆ ਸੀ। ਜਿਸਦੀ ਗੂਗਲ ਪੇਜ਼ ’ਤੇ ਵੀ ਜਾਣਕਾਰੀ ਦੇਖੀ ਜਾ ਸਕਦੀ ਹੈ। 2017 ਵਿੱਚ ਉਸ ਦੀ ਟੀਮ ਨੇ ਦੁਬਈ ਵਿੱਚ ਮੈਚ ਖੇਡਿਆ। ਇਸ ਮਗਰੋਂ ਉਹ ਕ੍ਰਿਕਟ ਦੀ ਦੁਨੀਆ ਵਿੱਚ ਦਿਲਚਸਪੀ ਰੱਖਣ ਵਾਲੇ ਮਸਹੂਰ ਵਿਅਕਤੀਆਂ ਜਿਵੇਂ ਸਪੋਂਸਰ ਤੇ ਬੁੱਕੀਆਂ ਨਾਲ ਸੰਪਰਕ ’ਚ ਆ ਗਿਆ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…