Nabaz-e-punjab.com

ਦਿਲ ਦੇ ਰੋਗੀ 94 ਸਾਲਾ ਬਜ਼ੁਰਗ ਦੀ ਨਵੀਂ ਤਕਨੀਕ ਟੀਏਵੀਆਰ ਨਾਲ ਸਫਲ ਸਰਜਰੀ

ਬਜ਼ੁਰਗ ਨੇ ਗੋਲਫ਼ ਖੇਡਣ ਦੇ ਯੋਗ ਬਣੇ ਰਹਿਣ ਦੀ ਸ਼ਰਤ ’ਤੇ ਕਰਵਾਈ ਸਰਜਰੀ

ਡਾਕਟਰਾਂ ਵੱਲੋਂ ਟੀਏਵੀਆਰ ਨਵੀਂ ਤਕਨੀਕ ਰਾਹੀਂ ਭਾਰਤ ’ਚ ਪਹਿਲੀ ਸਰਜਰੀ ਕਰਨ ਦਾ ਦਾਅਵਾ

ਬਜ਼ੁਰਗ ਦੇ ਦਿਲ ’ਚ ਪੁਰਾਣਾ ਵਾਲ ਕੱਢੇ ਬਿਨਾਂ ਡਾਕਟਰਾਂ ਨੇ ਨਵਾਂ ਵਾਲ ਪਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਇੱਥੋਂ ਦੇ ਸੈਕਟਰ-70 ਦੇ ਵਸਨੀਕ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਐਚ.ਐਸ. ਢਿੱਲੋਂ (94) ਦੀ ਟੀਏਵੀਆਰ ਨਵੀਂ ਤਕਨੀਕ ਰਾਹੀਂ ਸਫਲ ਸਰਜਰੀ ਕੀਤੀ ਗਈ ਹੈ। ਏਸੀਈ ਹਾਰਟ ਐਂਡ ਵਸਕੂਲਰ ਇੰਸਟੀਚਿਊਟ ਮੁਹਾਲੀ ਦੇ ਡਾਇਰੈਕਟਰ ਡਾ. ਪੁਨੀਤ ਕੇ ਵਰਮਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਇਸ ਤਰ੍ਹਾਂ ਦੀ ਪਹਿਲੀ ਸਰਜਰੀ ਹੈ। ਬਜ਼ੁਰਗ ਦੇ ਦਿਲ ਵਿੱਚ ਪੁਰਾਣਾ ਵਾਲ ਕੱਢੇ ਬਿਨਾਂ ਹੀ ਨਵਾਂ ਵਾਲ ਪਾਇਆ ਗਿਆ ਹੈ। ਬਜ਼ੁਰਗ ਢਿੱਲੋਂ ਗੋਲਫ ਖੇਡਣ ਦਾ ਬਹੁਤ ਸ਼ੌਕੀਨ ਹੈ। ਉਸ ਨੇ ਇਸ ਸ਼ਰਤ ’ਤੇ ਆਪਣੀ ਸਰਜਰੀ ਕਰਵਾਈ ਹੈ ਕਿ ਇਲਾਜ ਤੋਂ ਬਾਅਦ ਉਹ ਪਹਿਲਾਂ ਵਾਂਗ ਗੋਲਫ਼ ਖੇਡ ਸਕੇਗਾ। ਸਰਜਰੀ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬਜ਼ੁਰਗ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਜੇਕਰ ਸਰਜਰੀ ਤੋਂ ਬਾਅਦ ਗੋਲਫ਼ ਨਹੀਂ ਖੇਡ ਸਕਦਾ ਤਾਂ ਉਹ ਮੰਜੇ ’ਤੇ ਪੈਣ ਨਾਲੋਂ ਮੌਤ ਚੰਗੀ ਹੈ।
ਡਾ. ਵਰਮਾ ਨੇ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਬੀਤੀ 19 ਜੂਨ ਨੂੰ ਬਜ਼ੁਰਗ ਦੀ ਸਰਜਰੀ ਕੀਤੀ ਗਈ ਹੈ। 24 ਘੰਟਿਆਂ ਵਿੱਚ ਉਸ ਨੂੰ ਬਿਮਾਰੀ ਤੋਂ ਛੁਟਕਾਰਾ ਮਿਲ ਗਿਆ ਅਤੇ ਚੌਥੇ ਦਿਨ ਬਜ਼ੁਰਗ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 15 ਸਾਲ ਪਹਿਲਾਂ 2005 ਵਿੱਚ ਢਿੱਲੋਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਸੀ ਅਤੇ ਛੇ ਮਹੀਨੇ ਬਾਅਦ ਉਹ ਬਿਲਕੁਲ ਤੰਦਰੁਸਤ ਹੋ ਗਏ ਸੀ। ਇਸ ਮਗਰੋਂ 2011 ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੇ ਸਟੰਟ ਪਾਏ ਗਏ। 2016 ਵਿੱਚ ਬਜ਼ੁਰਗ ਨੂੰ ਮੁੜ ਦਿਲ ਦੇ ਰੋਗ ਕਾਰਨ ਤਕਲੀਫ਼ ਹੋਈ। ਉਸ ਦੇ ਦਿਲ ਦਾ ਵਾਲ ਖ਼ਰਾਬ ਹੋ ਗਿਆ ਸੀ ਪ੍ਰੰਤੂ ਉਸ ਨੇ ਆਪਣੀ ਜ਼ਿੰਦਾ ਦਿਲੀ ਨਾਲ ਚਾਰ ਸਾਲ ਅਰਾਮ ਨਾਲ ਕੱਢ ਦਿੱਤੇ। ਹੁਣ ਬਜ਼ੁਰਗ ਦੇ ਦਿਲ ਦਾ ਪੁਰਾਣਾ ਵਾਲ ਕੱਢੇ ਬਿਨਾਂ ਹੀ ਨਵਾਂ ਵਾਲ ਪਾਇਆ ਗਿਆ ਹੈ।
(ਬਾਕਸ ਆਈਟਮ)
ਉਧਰ, ਬਜ਼ੁਰਗ ਐਚਐਸ ਢਿੱਲੋਂ ਨੇ ਦੱਸਿਆ ਕਿ ਹੁਣ ਉਹ ਬਿਲਕੁਲ ਠੀਕ ਹੈ ਅਤੇ ਦੋ ਤਿੰਨਾਂ ਦਿਨਾਂ ਤੋਂ ਉਸ ਨੇ ਲਾਠੀ ਦਾ ਸਹਾਰਾ ਵੀ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਅਤੇ ਬਰਸਾਤ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਮੁੜ ਗਰਾਊਂਡ ਵਿੱਚ ਜਾ ਕੇ ਗੋਲਫ਼ ਖੇਡਣਾ ਸ਼ੁਰੂ ਕਰ ਦੇਵੇਗਾ। ਬਜ਼ੁਰਗ ਨੇ ਕਿਹਾ ਕਿ ਉਸ ਨੂੰ ਘਰ ਵਿੱਚ ਵਿਹਲਾ ਬੈਠਣਾ ਬਿਲਕੁਲ ਪਸੰਦ ਨਹੀਂ ਹੈ। ਇਸ ਲਈ ਉਹ ਹਮੇਸ਼ਾ ਕੋਈ ਨਾ ਕੋਈ ਗਤੀਵਿਧੀ ਜਾਰੀ ਰੱਖਦਾ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…