ਜ਼ਿਆਦਾਤਰ ਬੈਂਕਾਂ ਦੇ ਏਟੀਐਮਾਂ ਵਿੱਚ ਤਾਇਨਾਤ ਨਹੀਂ ਹਨ ਸੁਰੱਖਿਆ ਗਾਰਡ

ਪੰਜਾਬ ਨੈਸ਼ਨਲ ਬੈਂਕਾਂ ਦੇ ਏਟੀਐਮਾਂ ’ਤੇ ਹੈ ਲੁਟੇਰਿਆਂ ਦੀ ਨਜ਼ਰ, ਹੁਣ ਤੱਕ ਕਈ ਵਾਰਦਾਤਾਂ ਹੋਈਆਂ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੁਰੱਖਿਆ ਪੱਖੋਂ ਵੱਖ-ਵੱਖ ਬੈਂਕਾਂ ਦਾ ਕੰਮ ਰੱਬ ਆਸਰੇ ਚਲ ਰਿਹਾ ਹੈ। ਜ਼ਿਆਦਾਤਰ ਬੈਂਕਾਂ ਅਤੇ ਏਟੀਐਮਾਂ ਦੀ ਰਖਵਾਲੀ ਲਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਹਨ। ਪੁਲੀਸ ਦੀ ਗਸ਼ਤ ਵੀ ਮਹਿਜ ਖਾਨਾਪੂਰਤੀ ਵਾਲੀ ਹੁੰਦੀ ਹੈ। ਜਿਸ ਕਾਰਨ ਮੌਜੂਦਾ ਸਮੇਂ ਵਿੱਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਦੇਖਣ ਵਿੱਚ ਆਇਆ ਕਿ ਲੁਟੇਰੇ ਜ਼ਿਆਦਾਤਰ ਪੰਜਾਬ ਨੈਸ਼ਨਲ ਬੈਂਕ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਪੰਜਾਬ ਨੈਸ਼ਨਲ ਬੈਂਕ ਫੇਜ਼-3ਏ ਵਿੱਚ ਬੀਤੀ 17 ਜੂਨ ਨੂੰ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਵਾਪਰੀ ਸੀ। ਸੁਰੱਖਿਆ ਗਾਰਡ ਤਾਇਨਾਤ ਨਾ ਹੋਣ ਕਾਰਨ ਲੁਟੇਰੇ ਨਕਲੀ ਏਅਰ ਪਿਸਤੌਲ ਤੇ ਚਾਕੂ ਦਿਖਾ ਕੇ ਮਹਿਲਾ ਸਟਾਫ਼ ਤੋਂ 4 ਲੱਖ 79 ਹਜ਼ਾਰ 680 ਰੁਪਏ ਲੁੱਟ ਕੇ ਲੈ ਗਏ ਸੀ। ਪੁਲੀਸ ਨੇ ਇਕ ਮਹੀਨੇ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਦੀ ਰਾਸ਼ੀ ’ਚੋਂ 3,01,500 ਰੁਪਏ ਬਰਾਮਦ ਕੀਤੇ ਗਏ ਸਨ। ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਨਕਲੀ ਏਅਰ ਪਿਸਤੌਲ ਅਤੇ ਚਾਕੂ ਸਮੇਤ ਚੰਡੀਗੜ੍ਹ ਨੰਬਰ ਦੀ ਸਕੋਡਾ ਕਾਰ ਵੀ ਜ਼ਬਤ ਕੀਤੀ ਗਈ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 27 ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਅਜਿਹੀਆਂ ਵਾਰਦਾਤ ਵਾਪਰ ਚੁੱਕੀਆਂ ਹਨ। ਪਿੰਡ ਤੰਗੋਰੀ ਵਿੱਚ ਏਟੀਐਮ ਦੀ ਮਸ਼ੀਨ ਪੁੱਟ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇੰਜ ਹੀ ਬੀਤੀ 9\10 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਦੱਪਰ (ਲਾਲੜੂ) ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਮਸ਼ੀਨ ਪੁੱਟ ਕੇ 16 ਲੱਖ ਰੁਪਏ ਲੁੱਟੇ ਗਏ ਸੀ। ਮਹੀਨੇ ਬਾਅਦ 12 ਜੁਲਾਈ ਨੂੰ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਪ੍ਰੰਤੂ ਪੰਜ ਮੁਲਜ਼ਮ ਹਾਲੇ ਵੀ ਫਰਾਰ ਹਨ। ਹੁਣ ਲੰਘੀ ਰਾਤ ਪਿੰਡ ਘੜੂੰਆਂ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੀ ਮਸ਼ੀਨ ਨੂੰ ਕਟਰ ਨਾਲ ਕੱਟ ਕੇ ਅਣਪਛਾਤੇ ਲੁਟੇਰੇ 8 ਲੱਖ 48 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਹਨ। ਹਾਲਾਂਕਿ ਬੈਂਕ ਨੇੜੇ ਸਰਕਾਰੀ ਹਸਪਤਾਲ ਹੈ, ਕਾਫੀ ਦੁਕਾਨਾਂ ਬਣੀਆਂ ਹੋਈਆਂ ਹਨ ਅਤੇ ਲੋਕਾਂ ਦੇ ਘਰ ਹਨ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਫਲ ਰਹੇ ਅਤੇ ਕਿਸੇ ਪਿੰਡ ਵਾਸੀ ਜਾਂ ਹਸਪਤਾਲ ਦੇ ਮੁਲਾਜ਼ਮ ਨੂੰ ਗੈਸ ਕਟਰ ਚੱਲਣ ਦੀ ਆਵਾਜ਼ ਤੱਕ ਸੁਣਾਈ ਨਹੀਂ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਦੋ ਅਣਪਛਾਤੇ ਕਰੂਜ਼ ਕਾਰ ਵਿੱਚ ਸਵਾਰ ਹੋ ਕੇ ਆਏ ਸੀ। ਜਿਵੇਂ ਉਹ ਬੈਂਕ ਦੇ ਬਾਹਰ ਪਹੁੰਚੇ ਤਾਂ ਉੱਥੇ ਸੜਕ ’ਤੇ ਬੈਠੇ ਆਵਾਰਾ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਦਵਾਈ ਵਗੈਰਾ ਦੇ ਕੇ ਕੁੱਤਿਆਂ ਨੂੰ ਬੇਹੋਸ਼ ਕੀਤਾ ਗਿਆ। ਇਸ ਮਗਰੋਂ ਲੁਟੇਰਿਆਂ ਨੇ ਏਟੀਐਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਖ਼ਰਾਬ ਕੀਤਾ। ਉਪਰੰਤ ਗੈਸ ਕਟਰ ਨਾਲ ਸ਼ਟਰ ਕੱਟ ਕੇ ਏਟੀਐਮ ਵਿੱਚ ਦਾਖ਼ਲ ਹੋਏ ਅਤੇ ਏਟੀਐਮ ਮਸ਼ੀਨ ਨੂੰ ਕਟਰ ਨਾਲ ਕੱਟ ਕੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ। ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਪਿੰਡ ਵਿੱਚ ਹੋਰਨਾਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਬੈਂਕ\ਏਟੀਐਮ ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲੀਸ ਹਮੇਸ਼ਾ ਬੈਂਕ ਅਧਿਕਾਰੀਆਂ ਨੂੰ ਸੁਰੱਖਿਆ ਗਾਰਡ ਤਾਇਨਾਤ ਕਰਨ ਲਈ ਕਹਿੰਦੀ ਹੈ ਲੇਕਿਨ ਕੁਝ ਦਿਨਾਂ ਬਾਅਦ ਇਹ ਗੱਲ ਠੰਢੀ ਪੈ ਜਾਂਦੀ ਹੇ। ਨਾ ਤਾਂ ਬੈਂਕ ਅਧਿਕਾਰੀ ਇਸ ਪਾਸੇ ਧਿਆਨ ਦਿੰਦੇ ਹਨ ਅਤੇ ਨਾ ਹੀ ਪੁਲੀਸ ਬਾਅਦ ਵਿੱਚ ਪੁੱਛ ਪੜਤਾਲ ਕਰਦੀ ਹੈ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…