ਪੁੱਡਾ ਤੇ ਫੋਰਟਿਸ ਹਸਪਤਾਲ ਚੌਕ ਵਿੱਚ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ‘ਘੜਾ ਭੰਨ’ ਰੋਸ ਮੁਜ਼ਾਹਰਾ

ਛੇਵਾਂ ਤਨਖ਼ਾਹ ਕਮਿਸ਼ਨ ਦੇਣ ਤੋਂ ਭਗੌੜੀ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੰਘੀ ਘੁੱਟੀ: ਧਨੋਆ

ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕਰਨ ਦਾ ਪੱਤਰ ਜਾਰੀ ਕਰਕੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੋਖਾ ਕਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਪੈਨਸ਼ਨਰਜ਼ ਕਨਫੈਡਰੇਸ਼ਨ ਅਤੇ ਸਾਂਝਾ ਫਰੰਟ, ਮੁਲਾਜ਼ਮ ਤੇ ਪੈਨਸ਼ਨਰਜ਼ ਪੰਜਾਬ ਦੇ ਪੈਨਸ਼ਨਰਾਂ ਨੇ ਸ਼ੁੱਕਰਵਾਰ ਨੂੰ ਜਥੇਬੰਦੀ ਦੇ ਕਨਵੀਨਰ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਸਥਾਨਕ ਫੋਰਟਿਸ ਹਸਪਤਾਲ ਅਤੇ ਪੁੱਡਾ ਲਾਲ ਬੱਤੀ ਚੌਕ ਵਿੱਚ ਘੜੇ ਭੰਨ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁੱਝ ਦੇਰ ਤੱਕ ਆਵਾਜਾਈ ਵੀ ਪ੍ਰਭਾਵਿਤ ਰਹੀ। ਇਸ ਮੌਕੇ ਬੋਲਦਿਆਂ ਕਰਮ ਸਿੰਘ ਧਨੋਆ ਨੇ ਕਿਹਾ ਕਿ ਪੰਜਾਬ ਦਾ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਤੋਂ ਭਗੌੜੀ ਹੋਈ ਕੈਪਟਨ ਸਰਕਾਰ ਨੇ ਹੁਣ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦਾ ਪੱਤਰ ਜਾਰੀ ਕਰਕੇ ਸੂਬੇ ਦੇ ਅੱਠ ਲੱਖ ਤੋਂ ਵੱਧ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਸੰਘੀ ਘੁੱਟ ਕੇ ਧਰੋਹ ਕਮਾਇਆ ਹੈ। ਜਿਸ ਦੇ ਰੋਸ ਵਜੋਂ ਅੱਜ ਸਰਕਾਰ ਦੇ ਝੂਠੇ ਵਾਅਦਿਆਂ ਦਾ ‘ਝੂਠ ਦਾ ਘੜਾ’ ਭੰਨ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬੀਤੀ 17 ਜੁਲਾਈ ਨੂੰ ਮੁਲਾਜ਼ਮ, ਪੈਨਸ਼ਨਰਜ਼ ਵਿਰੋਧੀ ਪੱਤਰ ਰਾਹੀਂ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਕੇ ਮਿਲਦੀਆਂ ਸਹੂਲਤਾਂ/ਸਕੇਲਾਂ ਤੇ ਪੈਨਸ਼ਨਾਂ ਨੂੰ ਖੋਰਾ ਲਗਾਉਣ ਦੀ ਸਾਜ਼ਿਸ਼ ਹੈ। ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਅਤੇ ਪੈਨਸ਼ਨਰਾਂ ਅਤੇ ਇਨ੍ਹਾਂ ’ਤੇ ਨਿਰਭਰ ਪਰਿਵਾਰਾਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਦੀ ਲਹਿਰ ਅਤੇ ਗੁੱਸਾ ਹੈ।
ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਜਗਜੀਤ ਸਿੰਘ ਖਾਲਸਾ, ਪੀਐਸਐਮਐਸਯੂ ਦੇ ਪ੍ਰਧਾਨ ਅਮਿਤ ਕਟੋਚ, ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਜਗਦੀਸ਼ ਸਿੰਘ ਸਰਾਓ, ਗੁਰਮੇਲ ਸਿੰਘ ਮੌਜੋਵਾਲ, ਪਿਸੌਰਾ ਸਿੰਘ ਅਤੇ ਰਾਜ ਕੁਮਾਰ ਸ਼ਰਮਾ ਅਤੇ ਹਰਪਾਲ ਸਿੰਘ ਨੇ ਮੁਲਾਜ਼ਮ ਵਿਰੋਧੀ ਪੱਤਰ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਨੂੰ ਤੁਰੰਤ ਨੋਟੀਫ਼ਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਹੁਕਮਰਾਨਾਂ ਚੋਣਾਂ ਸਮੇਂ ਕੀਤੇ ਵਾਅਦਿਆਂ ਕੇ ਉਲਟ ਮੁਲਾਜ਼ਮ ਮਾਰੂ ਫੈਸਲੇ ਕਰਕੇ ਕਰਮਚਾਰੀ ਵਰਗ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕਰ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਤੇ 143 ਮਹੀਨਿਆਂ ਦਾ ਬਕਾਇਦਾ ਦੇਣ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪਰਖਕਾਲ ਸਮਾਂ ਖ਼ਤਮ ਕਰਕੇ ਤਜਰਬੇ ਨੂੰ ਆਧਾਰ ਬਣਾਉਣਾ, ਮੈਡੀਕਲ ਭੱਤਾ 7500 ਰੁਪਏ ਪ੍ਰਤੀ ਮਹੀਨਾ ਕਰਨਾ ਮੰਗਾਂ ਪ੍ਰਵਾਨ ਕੀਤੀਆਂ ਜਾਣ। ਕਰੋਨਾ ਡਿਊਟੀ ਦੇ ਰਹੇ ਸਾਰੇ ‘ਕਰੋਨਾ ਯੋਧਿਆਂ’ ਨੂੰ ਵਿਸ਼ੇਸ਼ ਇਨਕਰੀਮੈਂਟ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਮੁਲਾਜ਼ਮ ਮਾਰੂ ਫੈਸਲੇ ਰੱਦ ਕਰਕੇ ਸਾਂਝੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਡੱਟ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕੇ 25 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਕੇ ਅਗਲੇ ਸਖ਼ਤ ਐਕਸ਼ਨ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…