Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਸਿਵਲ ਸਰਜਨ ਨੇ ਵੱਖ-ਵੱਖ ਹਸਪਤਾਲਾਂ ਵਿੱਚ ਸੈਂਪਲਿੰਗ ਦੇ ਕੰਮ ਦਾ ਲਿਆ ਜਾਇਜ਼ਾ ਪੰਜ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਡਾਕਟਰਾਂ ਤੇ ਸਿਹਤ ਕਾਮਿਆਂ ਦੀ ਕੀਤੀ ਹੌਸਲਾ-ਅਫ਼ਜ਼ਾਈ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਤਮਾਮ ਸਾਵਧਾਨੀਆਂ ਵਰਤਣ ਦੀ ਮੁੜ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ: ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦਾ ਪਤਾ ਲਾਉਣ ਲਈ ਕੀਤੀ ਜਾ ਰਹੀ ਵਿਆਪਕ ਜਾਂਚ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਸਮਝਾਇਆ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਅਤੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਨਾਲ ਢਕੌਲੀ, ਡੇਰਾਬੱਸੀ, ਲਾਲੜੂ, ਬਨੂੜ ਅਤੇ ਖਰੜ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਦਿਆਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਦੇ ਕੰਮ ਦਾ ਮੁਆਇਨਾ ਕੀਤਾ ਅਤੇ ਜਾਂਚ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪ੍ਰਬੰਧਾਂ ਤਹਿਤ ਜ਼ਿਲ੍ਹੇ ਵਿੱਚ ਫ਼ਿਲਹਾਲ ਕੁਲ ਸੱਤ ਥਾਵਾਂ ’ਤੇ ‘ਕਰੋਨਾਵਾਇਰਸ’ ਦੇ ਸੈਂਪਲ ਲੈਣ ਦਾ ਕੰਮ ਚੱਲ ਰਿਹਾ ਹੈ ਅਤੇ ਜ਼ਿਲ੍ਹਾ ਭਰ ਵਿੱਚ ਇਕ ਦਿਨ ਵਿੱਚ 450 ਤੋਂ 500 ਸੈਂਪਲ ਲਏ ਜਾ ਰਹੇ ਹਨ। ਇਹ ਸੈਂਪਲ ਅਗਲੇਰੀ ਜਾਂਚ ਲਈ ਪੀਜੀਆਈ ਚੰਡੀਗੜ੍ਹ ਅਤੇ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੌਰਿਆਂ ਦਾ ਮੰਤਵ ਟੈਸਟਿੰਗ ਅਤੇ ਸੈਂਪਲਿੰਗ ਦੇ ਕੰਮ ਅਤੇ ਸੈਂਪਲਿੰਗ ਵਾਲੀਆਂ ਥਾਵਾਂ ’ਤੇ ਇਸ ਬੀਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਨੂੰ ਨੇੜਿਓਂ ਵੇਖਣਾ ਸੀ। ਉਨ੍ਹਾਂ ਕਿਹਾ ਕਿ ਹਰ ਸੈਂਪਲਿੰਗ ਸੈਂਟਰ ਵਿਖੇ ਡਾਕਟਰ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਸਿਹਤ ਕਾਮੇ ਸਖ਼ਤ ਗਰਮੀ ਦੇ ਬਾਵਜੂਦ ਆਪਣਾ ਕੰਮ ਬਾਖ਼ੂਬੀ ਕਰ ਰਹੇ ਸਨ ਜਿਸ ਲਈ ਉਹ ਸ਼ਲਾਘਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਹਰ ਸੈਂਟਰ ਵਿੱਚ ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਖੇ ਜਿਥੇ ਹਸਪਤਾਲ ਵਿੱਚ ਆਉਣ ਵਾਲੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ, ਉੱਥੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੇ ਵੀ ਸਮੂਹਕ ਤੌਰ ’ਤੇ ਸੈਂਪਲ ਲਏ ਜਾ ਰਹੇ ਹਨ। ਡਾ. ਮਨਜੀਤ ਸਿੰਘ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਕਰੋਨਾਵਾਇਰਸ’ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਲਈ ਲੋਕਾਂ ਦੁਆਰਾ ਵਰਤੀ ਜਾ ਰਹੀ ਲਾਪਰਵਾਹੀ ਕਾਫ਼ੀ ਹੱਦ ਤਕ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਆਦਿ ਜਿਹੀਆਂ ਜਨਤਕ ਥਾਵਾਂ ’ਤੇ ਕਈ ਲੋਕ ਮੂੰਹ ਢਕੇ ਬਿਨਾਂ ਹੀ ਘੁੰਮਦੇ-ਫਿਰਦੇ ਵੇਖੇੇ ਜਾ ਸਕਦੇ ਹਨ ਅਤੇ ਕਈ ਲੋਕ ਬਿਨਾਂ ਕਿਸੇ ਜ਼ਰੂਰੀ ਕੰਮ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਸਰਕਾਰੀ ਹਸਪਤਾਲ ਜਾਣ ਦੀ ਬਜਾਏ ਮਾਹਰ ਡਾਕਟਰ ਦੀ ਸਲਾਹ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 108 ’ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੋਮੀ ਚਤਰਥ, ਡਾ. ਸੰਗੀਤਾ ਜੈਨ, ਡਾ. ਸੁਖਵਿੰਦਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਮਨੋਹਰ ਸਿੰਘ, ਡਾ. ਐਚ.ਐਸ.ਚੀਮਾ, ਡਾ. ਇਸ਼ਾਨ, ਡਾ. ਕਸ਼ਿਤ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ