ਪੰਜਾਬ ਕਾਂਗਰਸ ਦੇ ਘੱਟ ਗਿਣਤੀ ਸੈਲ ਦੇ ਜ਼ਿਲ੍ਹਾ ਚੇਅਰਮੈਨ ਡਾ. ਅਨਵਰ ਹੁਸੈਨ ਝਗੜੇ ਵਿੱਚ ਜ਼ਖ਼ਮੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਪੰਜਾਬ ਕਾਂਗਰਸ ਦੇ ਘੱਟ ਗਿਣਤੀ ਸੈਲ, ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਡਾਕਟਰ ਅਨਵਰ ਹੁਸੈਨ ਇੱਕ ਝਗੜੇ ਦੌਰਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਅੱਜ ਸਰਕਾਰੀ ਹਸਪਤਾਲ ਫੇਜ਼-6 ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾ. ਅਨਵਰ ਹੁਸੈਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਸਨੇਟਾ ਵਿੱਚ ਰਹਿੰਦੀ ਉਹਨਾਂ ਦੀ ਮਾਸੀ ਦੀ ਕੁੜੀ ਰਜੀਆ ਤੇ ਪਿੰਡ ਦੇ ਹੀ ਵਸਨੀਕ ਸੋਨੀ ਗੁੱਜਰ ਅਤੇ ਉਸਦੇ ਪਿਤਾ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸੋਨੀ ਗੁੱਜਰ ਦੇ ਭਰਾ ਜੌਨੀ ਵੱਲੋਂ ਉਹਨਾਂ ਦੇ ਛੋਟੇ ਭਰਾ ਸਲੀਮ ਦੇ ਸਿਰ ਵਿੱਚ ਹਥੌੜਾ ਮਾਰ ਕੇ ਉਸਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਭਰਾ ਅਤੇ ਮਾਸੀ ਦੀ ਧੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਉਹਨਾਂ ਕਿਹਾ ਕਿ ਉਸੇ ਦਿਨ ਰਾਤ ਵੇਲੇ ਸੋਨੀ ਗੁੱਜਰ ਅਤੇ ਉਸਦੇ ਨਾਲ ਆਏ ਮੁੰਡਿਆਂ ਨੇ ਹਸਪਤਾਲ ਵਿੱਚ ਆ ਕੇ ਉਹਨਾਂ ਨੂੰ ਲਲਕਾਰਿਆ ਅਤੇ ਉੱਥੇ ਹੋਏ ਝਗੜੇ ਦੌਰਾਨ ਉਹਨਾਂ ਦੇ ਗੋਡੇ ਤੇ ਸੱਟ ਲੱਗੀ ਜਿਸ ਕਾਰਨ ਉਹਨਾਂ ਨੂੰ ਵੀ ਹਸਪਤਾਲ ਦਾਖ਼ਲ ਹੋਣਾ ਪਿਆ।
ਪਿੰਡ ਵਿੱਚ ਹੋਏ ਝਗੜੇ ਬਾਰੇ ਉਹਨਾਂ ਦੱਸਿਆ ਕਿ ਉਹਨਾਂ ਦੀ ਮਾਸੀ ਦੀ ਕੁੜੀ ਰਜੀਆ ਦਾ ਮੁੰਡਾ ਗਲੀ ਵਿੱਚ ਖੇਡ ਰਿਹਾ ਸੀ ਜਦੋਂ ਉੱਥੋਂ ਲੰਘ ਰਹੇ ਸੋਨੀ ਗੁੱਜਰ ਨੇ ਉਸਦੇ ਸਾਈਕਲ ਤੇ ਆਪਣੀ ਗੱਡੀ ਚੜ੍ਹਾ ਦਿੱਤੀ ਅਤੇ ਰਜੀਆ ਵੱਲੋਂ ਵਿਰੋਧ ਕਰਨ ਤੇ ਸੋਨੀ ਅਤੇ ਉਸਦੇ ਪਿਤਾ ਸਤਪਾਲ ਨੇ ਉਸੇ ਤੇ ਹਮਲਾ ਕਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਦੋਵਾਂ ਨੇ ਰਜੀਆ ਦੇ ਘਰ ਵਿੱਚ ਦਾਖ਼ਲ ਹੋ ਕੇ ਉਸਦੀ ਇੱਜਤ ਨੂੰ ਹੱਥ ਪਾਇਆ ਅਤੇ ਉਹ ਬੜੀ ਮੁਸ਼ਕਲ ਨਾਲ ਖ਼ੁਦ ਨੂੰ ਬਚਾ ਕੇ ਬਾਹਰ ਭੱਜੀ ਤਾਂ ਸੋਨੀ ਨੇ ਪਿੱਛੋਂ ਉਸਦੇ ਇੱਟ ਮਾਰੀ ਜਿਸ ਕਾਰਨ ਉਹ ਥੱਲੇ ਡਿੱਗ ਪਈ।
ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਦੀ ਮਾਂ ਅਤੇ ਪਿੰਡ ਦੀਆਂ ਕੁੱਝ ਹੋਰ ਅੌਰਤਾਂ ਨੇ ਗਲੀ ਵਿੱਚ ਆ ਕੇ ਰਜੀਆ ਨੂੰ ਬਚਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਇਹਨਾਂ ਅੌਰਤਾ ਨੇ ਸੋਨੀ ਨੂੰ ਰੋਕਿਆ ਤਾਂ ਉਸਨੇ ਉਹਨਾਂ ਦੀ ਮਾਤਾ ਸਮੇਤ ਸਾਰੀਆਂ ਅੌਰਤਾਂ ਨੂੰ ਗਾਲਾਂ ਕੱਢੀਆਂ ਅਤੇ ਮੌਕੇ ਤੋੱ ਚਲਾ ਗਿਆ। ਉਹਨਾਂ ਕਿਹਾ ਕਿ ਕੁੱਝ ਸਮੇਂ ਬਾਅਦ ਉਹਨਾਂ ਦਾ ਛੋਟਾ ਭਰਾ ਸਲੀਮ ਸੋਨੀ ਗੁੱਜਰ ਦੇ ਭਰਾ ਜੌਨੀ ਦੀ ਦੁਕਾਨ ਤੇ ਉਲਾਂਭਾ ਦੇਣ ਗਿਆ ਕਿ ਸੋਨੀ ਨੇ ਉਸਦੀ ਮਾਂ ਨੂੰ ਗਾਲਾਂ ਕੱਢੀਆਂ ਹਨ ਤਾਂ ਉੱਥੇ ਮੌਜੂਦ ਜੌਨੀ ਨੇ ਉਸਦੇ ਸਿਰ ਵਿੱਚ ਹਥੌੜਾ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਉਹਨਾਂ ਦੱਸਿਆ ਕਿ ਜਦੋੱ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਆਪਣੇ ਭਰਾ ਅਤੇ ਭੈਣ ਨੂੰ ਸਰਕਾਰੀ ਹਸਪਤਾਲ ਵਿਖੇ ਲਿਆਏ ਅਤੇ ਦਾਖਿਲ ਕਰਵਾ ਦਿੱਤਾ। ਉਹਨਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਉੱਥੇ ਜੌਨੀ ਵੀ ਦਾਖਿਲ ਹੋ ਗਿਆ ਅਤੇ ਰਾਤ ਵੇਲੇ ਕੁੱਝ ਹੋਰ ਮੁੰਡਿਆਂ ਨਾਲ ਉੱਥੇ ਪਹੁੰਚੇ ਸੋਨੀ ਗੁੱਜਰ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉੱਥੇ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਦੇ ਕੁੱਝ ਬੰਦੇ ਜਖਮੀ ਹੋ ਗਏ ਜਿਸ ਦੌਰਾਨ ਉਹਨਾਂ ਦੇ ਗੋਡੇ ਤੇ ਵੀ ਸੱਟ ਲੱਗੀ।
ਉਧਰ, ਸਨੇਟਾ ਪੁਲੀਸ ਦੇ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸੋਨੀ ਵੱਲੋਂ ਬੱਚੇ ਦੇ ਸਾਈਕਲ ਤੇ ਗੱਡੀ ਚੜ੍ਹਾਉਣ ਕਾਰਨ ਝਗੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਸੋਨੀ ਵੱਲੋਂ ਰਜੀਆ ਨੂੰ ਇੱਟ ਮਾਰ ਕੇ ਜ਼ਖ਼ਮੀ ਕਰਨ ਦੀ ਗੱਲ ਵੀ ਸਾਮ੍ਹਣੇ ਆਈ ਹੈ। ਹਾਲਾਂਕਿ ਉਹਨਾਂ ਕਿਹਾ ਕਿ ਰਜੀਆ ਦੀ ਸ਼ਿਕਾਇਤ ਅਨੁਸਾਰ ਸੋਨੀ ਅਤੇ ਉਸਦੇ ਪਿਤਾ ਦੇ ਰਜੀਆ ਦੇ ਘਰ ਵਿੱਚ ਦਾਖਿਲ ਹੋਣ ਦੀ ਗੱਲ ਹੁਣੇ ਸਾਬਤ ਨਹੀਂ ਹੋਈ ਹੈ ਅਤੇ ਪੁਲੀਸ ਵਲ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਅਦ ਵਿੱਚ ਦੁਕਾਨ ਤੇ ਹੋਏ ਝਗੜੇ ਵਿੱਚ ਸਲੀਮ ਤੋੱ ਇਲਾਵਾ ਜੌਨੀ ਅਤੇ ਉਸਦੇ ਪਿਤਾ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਵੀ ਝਗੜੇ ਦੀ ਗੱਲ ਸਾਮ੍ਹਣੇ ਆਈ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਾਂਚ ਤੋੱ ਬਾਅਦ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…