Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਵੀ ਪਹੁੰਚਿਆ ਕਰੋਨਾ, ਸੀਨੀਅਰ ਅਸਿਸਟੈਂਟ ਦੀ ਰਿਪੋਰਟ ਪਾਜ਼ੇਟਿਵ ਡੀਪੀਆਈ ਨੇ 14 ਦਿਨਾਂ ਲਈ ਬਾਹਰਲੇ ਵਿਅਕਤੀਆਂ ਦੇ ਦਫ਼ਤਰ ਵਿੱਚ ਆਉਣ ’ਤੇ ਲਗਾਈ ਰੋਕ ਸਬੰਧਤ ਦਫ਼ਤਰੀ ਸਟਾਫ਼ ਨੂੰ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ: ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਦੇ ਡੀਪੀਆਈ ਦਫ਼ਤਰ ਵਿੱਚ ਵੀ ਕਰੋਨਾ ਮਹਾਮਾਰੀ ਨੇ ਦਸਖ਼ਤ ਦੇ ਦਿੱਤੀ ਹੈ। ਡੀਪੀਆਈ ਦਫ਼ਤਰ ਦੀ ਅਹਿਮ ਬ੍ਰਾਂਚ ਸੇਵਾਵਾਂ-1 ਸ਼ਾਖਾ ਦੇ ਸੀਨੀਅਰ ਅਸਿਸਟੈਂਟ ਇੰਦਰਜੀਤ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਅੱਜ ਬਾਅਦ ਦੁਪਹਿਰ ਸਿੱਖਿਆ ਭਵਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਬੰਧਤ ਬ੍ਰਾਂਚ ਨੂੰ ਸੀਲ ਕਰਕੇ ਪੀੜਤ ਅਫ਼ਸਰ ਦੇ ਸੰਪਰਕ ਵਿੱਚ ਆਉਣ ਵਾਲੇ ਦਫ਼ਤਰੀ ਮੁਲਾਜ਼ਮਾਂ ਨੂੰ ਤੁਰੰਤ ਘਰ ਭੇਜ ਦਿੱਤਾ। ਪਿਛਲੇ ਦਿਨੀਂ ਸਕੂਲ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ, ਪ੍ਰੀਖਿਆ ਸ਼ਾਖਾ (ਸੀਨੀਅਰ ਸੈਕੰਡਰੀ) ਦੀ ਸਹਾਇਕ ਸਕੱਤਰ ਨਿਰਭੈ ਸਿੰਘ ਅਤੇ ਸੁਪਰਡੈਂਟ ਅਨੀਤਾ ਕੁਮਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬੋਰਡ ਦੇ ਸੰਯੁਕਤ ਸਕੱਤਰ ਦਫ਼ਤਰ, ਕੰਟਰੋਲਰ (ਪ੍ਰੀਖਿਆਵਾਂ) ਅਤੇ ਪ੍ਰੀਖਿਆ ਸ਼ਾਖਾ (ਸੀਨੀਅਰ ਸੈਕੰਡਰੀ) ਬਰਾਂਚ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ ਅਤੇ ਦਫ਼ਤਰੀ ਸਟਾਫ਼ ਨੂੰ ਅਗਲੇ ਹੁਕਮਾਂ ਤੱਕ ਆਪਣੇ ਘਰਾਂ ਵਿੱਚ ਇਕਾਂਤਵਾਸ ’ਚ ਰਹਿਣ ਲਈ ਆਖਿਆ ਗਿਆ ਹੈ। ਉਧਰ, ਸਿੱਖਿਆ ਭਵਨ ਵਿੱਚ ਅੱਜ ਸੀਨੀਅਰ ਅਸਿਸਟੈਂਟ ਇੰਦਰਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਡੀਪੀਆਈ (ਸੀਨੀਅਰ ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਇਕ ਪੱਤਰ ਜਾਰੀ ਕਰਕੇ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਵਿੱਚ ਇਕ ਕਰਮਚਾਰੀ ਕਰੋਨਾ ਮਹਾਮਾਰੀ ਤੋਂ ਪੀੜਤ ਪਾਇਆ ਗਿਆ ਹੈ। ਲਿਹਾਜ਼ਾ ਪੱਤਰ ਜਾਰੀ ਹੋਣ ਦੇ ਅਗਲੇ 14 ਦਿਨਾਂ ਤੱਕ ਕਿਸੇ ਵੀ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਡੀਪੀਆਈ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ ਜਾਵੇ। ਇਸ ਸਬੰਧੀ ਰਜਿਸਟਰਾਰ ਅਤੇ ਕੇਅਰਟੇਕਰ ਨੂੰ ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। ਡੀਪੀਆਈ ਨੇ ਇਹ ਤਾਜ਼ਾ ਹੁਕਮ ਸਿੱਖਿਆ ਵਿਭਾਗ ਦੀ ਵੈਬਸਾਈਟ ’ਤੇ ਅਪਲੋਡ ਕਰਨ ਲਈ ਆਖਿਆ ਹੈ ਤਾਂ ਜੋ ਦਫ਼ਤਰੀ ਸਟਾਫ਼ ਸਮੇਤ ਸਮੂਹ ਜ਼ਿਲ੍ਹਿਆਂ ਵਿੱਚ ਇਨ੍ਹਾਂ ਹੁਕਮਾਂ ਬਾਰੇ ਜਾਣਕਾਰੀ ਮਿਲ ਸਕੇ। ਉਧਰ, ਵਿਭਾਗੀ ਸੂਤਰ ਦੱਸਦੇ ਹਨ ਕਿ ਸੀਨੀਅਰ ਅਸਿਸਟੈਂਟ ਇੰਦਰਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਤੇਜ਼ ਬੁਖ਼ਾਰ ਅਤੇ ਟਾਈਫ਼ਾਈਡ ਦੀ ਸ਼ਿਕਾਇਤ ਸੀ। ਇਸ ਦੇ ਬਾਵਜੂਦ ਵੀ ਉਹ ਆਮ ਦਿਨਾਂ ਵਾਂਗ ਰੋਜ਼ਾਨਾ ਦਫ਼ਤਰ ਆ ਰਿਹਾ ਸੀ। ਪਿਛਲੇ ਸਿੱਖਿਆ ਬੋਰਡ ਦੇ ਤਿੰਨ ਅਧਿਕਾਰੀ ਕਰੋਨਾ ਤੋਂ ਪੀੜਤ ਪਾਏ ਜਾਣ ਬਾਅਦ ਉਕਤ ਅਧਿਕਾਰੀ ਨੇ ਆਪਣਾ ਟੈਸਟ ਕਰਵਾਇਆ ਗਿਆ। ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ। ਇਸ ਦੌਰਾਨ ਦਫ਼ਤਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਦਫ਼ਤਰੀ ਮੁਲਾਜ਼ਮਾਂ ਨੂੰ ਮਿਲਦਾ ਰਿਹਾ ਹੈ। ਹੁਣ ਦਫ਼ਤਰ ਵੱਲੋਂ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਟਾਫ਼ ਅਤੇ ਹੋਰਨਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਬਿਲਕੁਲ ਨਾਲੋਂ ਨਾਲ ਹਨ ਅਤੇ ਇੱਥੇ ਰੋਜ਼ਾਨਾ ਪੰਜਾਬ ਭਰ ਤੋਂ ਸੈਂਕੜੇ ਲੋਕ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਹਨ। ਇਸੇ ਇਮਾਰਤ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡੀਜੀਐਸਈ ਮੁਹੰਮਦ ਤਈਅਬ ਦਾ ਦਫ਼ਤਰ ਵੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ