Share on Facebook Share on Twitter Share on Google+ Share on Pinterest Share on Linkedin ਅਕਾਲੀ-ਭਾਜਪਾ ਦੇ ਸਾਬਕਾ ਕੌਂਸਲਰਾਂ ਨੇ ਕੁਲਵੰਤ ਸਿੰਘ ਨੂੰ ਦਿੱਤੇ ਫੈਸਲਾ ਲੈਣ ਦੇ ਸਾਰੇ ਅਧਿਕਾਰ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਮੂਹ ਸਾਬਕਾ ਕੌਂਸਲਰਾਂ ਨੂੰ ਤਕੜੇ ਹੋ ਕੇ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਪ੍ਰੇਰਿਆ ਸਾਬਕਾ ਕੌਂਸਲਰਾਂ ਨੇ ਚੋਣਾਂ ਦੌਰਾਨ ਹੁਕਮਰਾਨਾਂ ਵੱਲੋਂ ਧੱਕੇਸ਼ਾਹੀ ਕਰਨ ਦੇ ਖ਼ਦਸ਼ੇ ਪ੍ਰਗਟ ਕੀਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਅਕਤੂਬਰ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਸੰਕੇਤ ਦੇਣ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਕਰਨ ਦਾ ਪੱਤਰ ਜਾਰੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਨਿਗਮ ਚੋਣਾਂ ਸਬੰਧੀ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਅਤੇ ਸੰਭਾਵੀ ਉਮੀਦਵਾਰਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਪਿਛਲੀ ਵਾਰ ਭਾਵੇਂ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧੜਿਆਂ ਵਿੱਚ ਵਿਕਾਸ ਦੇ ਨਾਂ ’ਤੇ ਗੱਠਜੋੜ ਕੇ ਨਗਰ ਨਿਗਮ ’ਤੇ ਕਬਜ਼ਾ ਕੀਤਾ ਸੀ ਪ੍ਰੰਤੂ ਸਤਾ ਪਰਿਵਰਤਨ ਤੋਂ ਬਾਅਦ ਦੋਵੇਂ ਆਗੂਆਂ ਵਿੱਚ ਸਿਆਸੀ ਦੂਰੀਆਂ ਵਧ ਗਈਆਂ ਅਤੇ ਇਨ੍ਹਾਂ ਚੋਣਾਂ ਵਿੱਚ ਦੋਵੇਂ ਧੜੇ ਆਹਮੋ ਸਾਹਮਣੇ ਹੋਣਗੇ। ਅਕਾਲੀ-ਭਾਜਪਾ ਦੇ ਸਾਬਕਾ ਕੌਂਸਲਰਾਂ ਨੇ ਇਕ ਸਾਂਝੀ ਮੀਟਿੰਗ ਕੀਤੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਨ ਦਾ ਫੈਸਲਾ ਲੈਂਦਿਆਂ ਚੋਣਾਂ ਸਬੰਧੀ ਕੋਈ ਵੀ ਫੈਸਲਾ ਲੈਣ ਦੇ ਸਾਰੇ ਅਧਿਕਾਰ ਕੁਲਵੰਤ ਸਿੰਘ ਸੌਂਪੇ ਗਏ। ਇੱਥੋਂ ਦੇ ਸੈਕਟਰ-91 ਵਿੱਚ ਹੋਈ ਇਸ ਮੀਟਿੰਗ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਦੋ ਦਰਜਨ ਤੋਂ ਵੱਧ ਸਾਬਕਾ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਨਿਗਮ ਦੀਆਂ ਆਗਾਮੀ ਚੋਣਾਂ ਸਬੰਧੀ ਵਿਚਾਰ-ਚਰਚਾ ਕੀਤਾ ਗਿਆ। ਇਸ ਮੌਕੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਸਾਥੀ ਕੌਂਸਲਰਾਂ ਨੂੰ ਚੋਣਾਂ ਦੀ ਤਿਆਰੀਆਂ ਸਬੰਧੀ ਡਟਣ ਲਈ ਪ੍ਰੇਰਦਿਆਂ ਕਿਹਾ ਕਿ ਸੂਬਾ ਸਰਕਾਰ ਇਹ ਚੋਣਾਂ ਜਲਦੀ ਕਰਵਾਉਣ ਦੀ ਚਾਹਵਾਨ ਦਿਖਾਈ ਦੇ ਰਹੀ ਹੈ। ਲਿਹਾਜ਼ਾ ਉਹ ਹੁਣੇ ਤੋਂ ਤਿਆਰੀ ਖਿੱਚ ਲੈਣ। ਸਾਬਕਾ ਮੇਅਰ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਵਾਰਡਬੰਦੀ ਵਿੱਚ ਕੋਈ ਤਬਦੀਲੀ ਵੀ ਕੀਤੀ ਜਾਂਦੀ ਹੈ ਤਾਂ ਵੀ ਸ਼ਹਿਰ ਦਾ ਖੇਤਰ ਤਾਂ ਉਹੀ ਰਹਿਣਾ ਹੈ। ਇਸ ਲਈ ਉਨ੍ਹਾਂ (ਸਾਬਕਾ ਕੌਂਸਲਰਾਂ) ਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੀ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ਸਾਰੇ ਮੈਂਬਰਾਂ ਨੇ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾਭਾਵਨਾ ਕੰਮ ਕੀਤਾ ਹੈ। ਜਿਸ ਦਾ ਚੋਣਾਂ ਵਿੱਚ ਸ਼ਹਿਰ ਵਾਸੀ ਜ਼ਰੂਰ ਮੁੱਲ ਪਾਉਣਗੇ। ਮੀਟਿੰਗ ਦੌਰਾਨ ਸਾਬਕਾ ਕੌਂਸਲਰਾਂ ਨੇ ਚੋਣਾਂ ਦੌਰਾਨ ਹੁਕਮਰਾਨਾਂ ਵੱਲੋਂ ਕਥਿਤ ਧੱਕੇਸ਼ਾਹੀ ਕਰਨ ਦੇ ਖ਼ਦਸ਼ੇ ਜਾਹਰ ਕਰਨ ’ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਮਿਲ ਕੇ ਲੜਾਈ ਲੜਨਗੇ ਅਤੇ ਜੇਕਰ ਕਾਂਗਰਸੀਆਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ