ਤਾਲਾਬੰਦੀ: ਆਰਥਿਕ ਤੰਗੀ ਕਾਰਨ ਆਪਣੀ ਲਗਜ਼ਰੀ ਗੱਡੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ ਟੈਕਸੀ ਮਾਲਕ

ਕੋਈ ਕੰਮ ਧੰਦਾ ਨਾ ਮਿਲਣ ਕਾਰਨ ਬੈਂਕ ਦੀਆਂ ਕਿਸ਼ਤਾਂ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਹੋਇਆ ਮੁਸ਼ਕਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਕਰੋਨਾ ਮਹਾਮਾਰੀ ਦੌਰਾਨ ਵੱਡੇ ਅਤੇ ਛੋਟੇ ਕਾਰੋਬਾਰੀਆਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਹਨ। ਮੁਹਾਲੀ ਵਿੱਚ ਟੈਕਸੀਆਂ ਦੇ ਕਾਰੋਬਾਰ ’ਤੇ ਵੀ ਕਾਫੀ ਮਾੜਾ ਅਸਰ ਪਿਆ ਹੈ। ਜਿਸ ਕਾਰਨ ਜ਼ਿਆਦਾਤਰ ਟੈਕਸੀ ਮਾਲਕ ਆਪਣੀਆਂ ਗੱਡੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ ਪ੍ਰੰਤੂ ਕੋਈ ਖਰੀਦਦਾਰ ਨਾ ਮਿਲਣ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਜ਼ਿਆਦਾ ਵੱਧ ਗਈ ਹੈ। ਲਗਜ਼ਰੀ ਕੈਬ ਨਾ ਦੀ ਟੈਕਸੀਆਂ ਦਾ ਕਾਰੋਬਾਰ ਕਰਨ ਵਾਲੇ ਮੱਖਣ ਸਿੰਘ ਬੈਦਵਾਨ ਅਤੇ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਨਾਲ ਜਿੱਥੇ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਟੈਕਸੀਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਉੱਥੇ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਅੌਖਾ ਹੋ ਗਿਆ ਹੈ। ਇਨ੍ਹਾਂ ਦੂਸ਼ਵਾਰੀਆਂ ਕਾਰਨ ਟੈਕਸੀ ਮਾਲਕਾਂ ਅਤੇ ਚਾਲਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਟੈਕਸੀ ਕਾਰੋਬਾਰ ਪੂਰੀ ਤਰ੍ਹਾਂ ਟੂਰਿਸਟਾਂ ’ਤੇ ਨਿਰਭਰ ਕਰਦਾ ਹੈ ਪ੍ਰੰਤੂ ਇਸ ਸਮੇਂ ਲੋਕ ਕਰੋਨਾ ਮਹਾਮਾਰੀ ਦੇ ਡਰੋਂ ਆਪਣੇ ਘਰਾਂ ਤੋਂ ਹੀ ਨਹੀਂ ਨਿਕਲ ਰਹੇ। ਜਿਸ ਕਾਰਨ ਕਈ ਮਹੀਨਿਆਂ ਤੋਂ ਉਨ੍ਹਾਂ ਦੀਆਂ ਲਗਜ਼ਰੀ ਗੱਡੀਆਂ ਘਰਾਂ ਵਿੱਚ ਖੜੀਆਂ ਹਨ ਅਤੇ ਡਰਾਈਵਰਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕਰਨੀ ਵੀ ਅੌਖੀ ਹੋ ਗਈ ਹੈ। ਜੇ ਉਹ ਹੁਣ ਅੌਖੇ ਸਮੇਂ ਡਰਾਈਵਰ ਨੂੰ ਹਟਾ ਦਿੰਦੇ ਹਨ ਤਾਂ ਹਾਲਾਤ ਸੁਖਾਵੇਂ ’ਤੇ ਉਨ੍ਹਾਂ ਨੂੰ ਦੁਬਾਰਾ ਟੈਕਸੀ ਚਾਲਕ ਨਹੀਂ ਮਿਲਣਗੇ।
ਇਸ ਮੌਕੇ ਇੱਕ ਹੋਰ ਕੈਬ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਵਿੱਚ ਆਈ ਗਿਰਾਵਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਸਵੇਰੇ 6 ਵਜੇ ਤੋਂ ਆਪਣੀ ਡਿਊਟੀ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਹੁਣ ਤੱਕ ਕੋਈ ਸਵਾਰੀ ਨਹੀਂ ਮਿਲੀ। ਜਦੋਂਕਿ ਉਨ੍ਹਾਂ ਨਾਲ ਖੜੇ ਪਰਮਜੀਤ ਪੰਮਾ ਨੇ ਕਿਹਾ ਕਿ ਅੱਜ ਸਿਰਫ਼ 200 ਕੁ ਰੁਪਏ ਹੀ ਕਮਾਏ ਹਨ। ਹੋਰਨਾਂ ਨੇ ਦੱਸਿਆ ਕਿ ਹੁਣ ਤੱਕ ਕਈ ਲੋਕ ਆਪਣੀਆਂ ਗੱਡੀਆਂ ਵੇਚ ਚੁੱਕੇ ਹਨ ਅਤੇ ਕਈ ਵੇਚਣ ਲਈ ਤਿਆਰ ਹਨ। ਟੈਕਸੀ ਮਾਲਕਾਂ ਅਤੇ ਡਰਾਈਵਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਸੀਆਂ ਦੇ ਬੰਦ ਹੋ ਰਹੇ ਕਾਰੋਬਾਰ ਨੂੰ ਦੇਖਦੇ ਹੋਏ ਬੈਂਕਾਂ ਦੀਆਂ ਕਿਸ਼ਤਾਂ ਵਿੱਚ ਰਿਆਇਤ ਦਿੱਤੀ ਜਾਵੇ।
ਇਸ ਮੌਕੇ ਜਗਦੇਵ ਸਿੰਘ, ਸੋਨੂ ਬੈਦਵਾਨ, ਸਾਹਿਲ ਮੁਹਾਲੀ, ਮਲੀਨ ਬੈਦਵਾਨ, ਬੱਲੂ ਬੈਦਵਾਨ, ਸਤਨਾਮ ਸਿੰਘ, ਕਰਮਜੀਤ ਭੁੱਲਰ, ਗੋਲਡੀ, ਦੀਪ, ਅਮਨ ਖਟੜਾ, ਮੋਨੂ, ਅੰਮ੍ਰਿਤ ਸਿੰਘ ਅਤੇ ਪ੍ਰੀਤ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਰੋਡ ਟੈਕਸ ਜਮ੍ਹਾਂ ਕਰਵਾਉਣ ਦਾ ਕੋਈ ਸਰਲ ਅਤੇ ਸਹੀ ਤਰੀਕਾ ਅਪਣਾਇਆ ਜਾਵੇ ਤਾਂ ਜੋ ਉਹ ਦਲਾਲਾਂ ਤੋਂ ਬਚ ਸਕਣ ਅਤੇ ਆਰਥਿਕ ਤੰਗੀ ਦੇ ਸਮੇਂ ਜੁਰਮਾਨੇ ਨਾ ਦੇਣੇ ਪੈਣ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…