ਕੋਰੋਨਾ ਵਾਇਰਸ : ਬੂਥਗੜ ਬਲਾਕ ਦੇ ਚਾਰ ਪਿੰਡਾਂ ਵਿਚ ਛੇ ਕੇਸ ਸਾਹਮਣੇ ਆਏ

ਦੋ ਮਰੀਜ਼ ਗਿਆਨ ਸਾਗਰ ਹਸਪਤਾਲ ਦਾਖ਼ਲ, ਬਾਕੀਆਂ ਨੂੰ ਘਰਾਂ ਵਿਚ ਕੀਤਾ ਇਕਾਂਤਵਾਸ

ਐਸ.ਐਮ.ਓ. ਡਾ. ਦਿਲਬਾਗ ਸਿੰਘ ਵਲੋਂ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ ਨਗਰ, 07 ਅਗਸਤ:
ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ ਅਧੀਨ ਪੈਂਦੇ ਪਿੰਡ ਸਿੰਘਪੁਰਾ, ਪਡਿਆਲਾ, ਸਿਆਲਵਾ ਅਤੇ ਝਾਂਅਪੁਰ ਵਿਚ ‘ਕੋਰੋਨਾ ਵਾਇਰਸ’ ਲਾਗ ਦੇ ਅੱਜ ਛੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਹੁਣ ਤਕ ਸਾਹਮਣੇ ਆਏ ਕੁਲ ਕੇਸਾਂ ਦੀ ਗਿਣਤੀ 45 ਹੋ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਪਾਜ਼ੇਟਿਵ ਆਏ ਮਾਮਲਿਆਂ ਵਿਚ ਸਿੰਘਪੁਰਾ ਦਾ 55 ਸਾਲਾ ਪੁਰਸ਼, 31 ਸਾਲਾ ਔਰਤ, ਪਡਿਆਲਾ ਦਾ 42 ਸਾਲਾ ਪੁਰਸ਼, 40 ਸਾਲਾ ਔਰਤ, ਸਿਆਲਵਾ ਦਾ 22 ਸਾਲਾ ਨੌਜਵਾਨ ਅਤੇ ਝਾਂਅਪੁਰ ਦਾ 22 ਸਾਲਾ ਨੌਜਵਾਨ ਸ਼ਾਮਲ ਹਨ। ਉਨਾਂ ਸਿੰਘਪੁਰਾ ਵਿਚ ਮਰੀਜ਼ਾਂ ਦੇ ਘਰ ਜਾ ਕੇ ਉਨਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਭੇਜਣ ਦੇ ਕੰਮ ਦੀ ਨਿਗਰਾਨੀ ਕੀਤੀ ਜਦਕਿ ਬਾਕੀ ਮਰੀਜ਼ਾਂ ਨੂੰ ਉਨਾਂ ਦੀ ਹਾਲਤ ਮੁਤਾਬਕ ਘਰਾਂ ਵਿਚ ਹੀ 17 ਦਿਨਾਂ ਲਈ ਇਕਾਂਤਵਾਸ ਕਰ ਦਿਤਾ ਗਿਆ। ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਬੂਥਗੜ ਬਲਾਕ ਵਿਚ ਹੁਣ ਤਕ 13 ਮਰੀਜ਼ ਸਿਹਤਯਾਬ ਹੋ ਚੁਕੇ ਹਨ ਜਦਕਿ 30 ਮਰੀਜ਼ ਜ਼ੇਰੇ ਇਲਾਜ ਹਨ। ਦੋ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਨਾਂ ਦਸਿਆ ਕਿ ਮਰੀਜ਼ਾਂ ਨੂੰ ਸਮਝਾਇਆ ਗਿਆ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਪੌਸ਼ਟਿਕ, ਪ੍ਰੋਟੀਨ ਭਰਪੂਰ ਖੁਰਾਕ ਖਾਣ, ਤਣਾਅ-ਮੁਕਤ ਰਹਿਣ, ਕਸਰਤ ਕਰਨ ਅਤੇ ਹੋਰ ਸਾਵਧਾਨੀਆਂ ਵਰਤ ਕੇ ਮਰੀਜ਼ ਛੇਤੀ ਹੀ ਤੰਦਰੁਸਤ ਹੋ ਜਾਂਦਾ ਹੈ। ਮਰੀਜ਼ਾਂ ਅਤੇ ਉਨਾਂ ਦੇ ਘਰ ਵਾਲਿਆਂ ਨੂੰ ਦਸਿਆ ਗਿਆ ਕਿ ਉਹ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਘਰ ਅੰਦਰ ਦਾਖ਼ਲ ਨਾ ਹੋਣ ਦੇਣ ਅਤੇ ਮਰੀਜ਼ ਨੂੰ ਘਰ ਵਿਚ ਬਿਲਕੁਲ ਅਲੱਗ ਰੱਖਣ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਮਰੀਜ਼ਾਂ ਦੀ ਸਿਹਤ ‘ਤੇ ਲਗਾਤਾਰ ਨਿਗਰਾਨੀ ਰੱਖਣਗੀਆਂ ਅਤੇ ਮਰੀਜ਼ ਨੂੰ ਸਬੰਧਤ ਡਾਕਟਰਾਂ ਦੇ ਸੰਪਰਕ ਨੰਬਰ ਮੁਹਈਆ ਕਰਵਾ ਦਿਤੇ ਗਏ ਹਨ। ਉਨਾਂ ਕਿਹਾ ਕਿ ਜੇ ਇਸ ਬੀਮਾਰੀ ਦੇ ਕੇਸ ਵੱਧ ਰਹੇ ਹਨ ਤਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਵੀ ਗਿਣਤੀ ਵੱਧ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਦੁਆਰਾ ਸਾਵਧਾਨੀਆਂ ਨਾ ਵਰਤੇ ਜਾਣ ਕਾਰਨ ਹੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਐਸ.ਐਮ.ਓ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ ‘ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ ਵਿਕਾਸ ਰਣਦੇਵ, ਡਾ. ਜਗਜੀਤ ਸਿੰਘ ਬਾਜਵਾ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਜਗਤਾਰ ਸਿੰਘ, ਰਮਿੰਦਰ ਕੌਰ, ਦਿਲਪ੍ਰੀਤ, ਅਨੂਪ੍ਰੀਤ ਸਿੰਘ, ਅਰਵਿੰਦਰ ਸਿੰਘ, ਜਸਪਾਲ ਸਿੰਘ, ਆਸ਼ਾ ਵਰਕਰਾਂ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …