Nabaz-e-punjab.com

ਜ਼ਿਲ੍ਹਾ ਪ੍ਰਸ਼ਾਸਨ ਟੈਂਕਰਾਂ ਤੋਂ ਈਐਨਏ/ ਸਪੀਰੀਟ ਦੀ ਚੋਰੀ ’ਤੇ ਰੱਖੇਗਾ ਤਿੱਖੀ ਨਜ਼ਰ: ਡੀਸੀ ਗਿਰੀਸ਼ ਦਿਆਲਨ

ਨੈਸ਼ਨਲ ਹਾਈਵੇਅ ਅਤੇ ਰਾਜ ਮਾਰਗਾਂ ’ਤੇ ਸਥਿਤ ਢਾਬਿਆਂ ਤੇ ਹੋਰ ਸ਼ੱਕੀ ਥਾਵਾਂ ਦੀ ਕੀਤੀ ਜਾਵੇਗੀ ਅਚਨਚੇਤ ਜਾਂਚ

7 ਮਹੀਨਿਆਂ ਵਿੱਚ ਆਬਕਾਰੀ ਐਕਟ ਤਹਿਤ 117 ਕੇਸ ਦਰਜ, 131 ਮੁਲਜ਼ਮ ਗ੍ਰਿਫ਼ਤਾਰ

72 ਹਜ਼ਾਰ 700 ਲੀਟਰ ਨਾਜਾਇਜ਼ ਸ਼ਰਾਬ\ਈਐਨਏ ਕੀਤੀ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਟੈਂਕਰਾਂ ਤੋਂ ਈਐਨਏ/ਸਪਿਰਿਟ ਦੀ ਚੋਰੀ ਨਾਲ ਸਬੰਧਤ ਗੈਰਕਾਨੂੰਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਮੁਹਾਲੀ ਆਬਕਾਰੀ ਟੀਮ ਨੇ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਆਬਕਾਰੀ ਵਿਭਾਗ ਅਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਸ਼ੱਕੀ ਥਾਵਾਂ ’ਤੇ ਅਚਨਚੇਤ ਚੈਕਿੰਗ ਕਰ ਰਹੀਆਂ ਹਨ। ਬਨੂੜ, ਜ਼ੀਰਕਪੁਰ ਅਤੇ ਡੇਰਾਬਸੀ ਇਲਾਕਿਆਂ ਵਿੱਚ ਢਾਬਿਆਂ ਦੀ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਂਦੀ ਗਈ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਾਪਰਨ ਦੀ ਖ਼ਬਰਾਂ ਸਾਹਮਣੇ ਆਈਆਂ ਹਨ।
ਡੀਸੀ ਨੇ ਦੱਸਿਆ ਕਿ ਮੁਹਾਲੀ, ਚੰਡੀਗੜ੍ਹ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੀਆਂ ਹੱਦਾਂ ਨਾਲ ਲੱਗਦਾ ਹੈ। ਯੂਟੀ ਅਤੇ ਗੁਆਂਢੀ ਸੂਬਿਆਂ ਵਿੱਚ ਸ਼ਰਾਬ ਮੁਹਾਲੀ ਨਾਲੋਂ ਸਸਤੀ ਹੈ। ਇਸ ਲਈ ਮੁਹਾਲੀ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਜਾਂ ਲਾਹਨ ਦਾ ਨਿਰਮਾਣ ਮੁੱਖ ਸਮੱਸਿਆ ਨਹੀਂ ਹੈ, ਬਲਕਿ ਨਾਜਾਇਜ਼ ਸਪਿਰਿਟ ਦੀ ਚੋਰੀ ਅਤੇ ਸ਼ਰਾਬ ਬਣਾਉਣ ਲਈ ਮੁੱਢਲਾ ਕੱਚਾ ਮਾਲ ਐਕਸਟਰਾ ਨਿਊਟਰਲ ਅਲਕੋਹਲ (ਈਐਨਏ) ਦੀ ਤਸਕਰੀ ਨੂੰ ਰੋਕਣ ਦੀ ਲੋੜ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਸਟਿਲਰੀ ਅਤੇ ਬੋਤਲਿੰਗ ਪਲਾਂਟਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਆਬਕਾਰੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਬਕਾਰੀ ਵਿਭਾਗ ਅਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਸਮੂਹ ਢਾਬੇ ਅਤੇ ਹੋਰਨਾਂ ਥਾਵਾਂ ਜਿੱਥੇ ਈਐਨਏ ਵੇਚੇ ਜਾ ਸਕਦੇ ਹਨ ਦੀ ਨਿਯਮਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਵੱਡੀ ਮਾਤਰਾ ਵਿੱਚ ਈਐਨਏ ਬਰਾਮਦ ਕੀਤਾ ਹੈ ਅਤੇ ਪਿਛਲੇ ਦਿਨੀਂ ਕੁਝ ਪ੍ਰਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਵਿੱਚ ਐਕਸਾਈਜ਼ ਐਕਟ ਤਹਿਤ 117 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 131 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂਕਿ ਸਾਲ ਅੰਦਦਰ 72 ਹਜ਼ਾਰ 700 ਲੀਟਰ ਦੀ ਗੈਰ ਕਾਨੂੰਨੀ ਸਪੀਰਿਟ/ਈਐਨਏ ਜ਼ਬਤ ਕੀਤਾ ਗਿਆ ਹੈ।
ਆਬਕਾਰੀ ਵਿਭਾਗ ਨੇ ਜੁਲਾਈ ਵਿੱਚ ਪਿੰਡ ਦੇਵੀ ਨਗਰ (ਡੇਰਾਬੱਸੀ) ਤੋਂ 5500 ਲੀਟਰ ਸਪੀਰਿਟ/ਈਐਨਏ ਜ਼ਬਤ ਕੀਤਾ ਸੀ। ਇਸ ਮਾਮਲੇ ਵਿੱਚ ਰਾਜੇਸ਼ ਕੁਮਾਰ ਉਰਫ ਬੌਬੀ ਅਤੇ ਉਸਦੇ ਦੋ ਸਾਥੀਆਂ ਨੂੰ ਬਿਨਾਂ ਕਿਸੇ ਲਾਇਸੈਂਸ ਦੇ ਏਐੱਨਏ/ਸਪੀਰਿਟ ਦੀ ਏਨੀ ਵੱਡੀ ਮਾਤਰਾ ਵਿੱਚ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਵਿੱਚ ਜ਼ੀਰਕਪੁਰ ਵਿੱਚ ਇੱਕ ਨਾਮੀ ਸ਼ਰਾਬ ਤਸਕਰ ਕਾਬੂ ਗਿਆ ਸੀ ਅਤੇ ਦੋ ਟੈਂਕਰਾਂ ’ਚੋਂ 50 ਹਜ਼ਾਰ ਲੀਟਰ ਤੋਂ ਵੱਧ ਈਐਨਏ ਬਰਾਮਦ ਕੀਤਾ ਗਿਆ ਸੀ। ਇਸ ਸਬੰਧੀ ਕੁਮਾਰ ਵੈਸ਼ਨੂੰ ਢਾਬਾ ਤੋਂ ਲੀਡ ਮਿਲੀ ਸੀ ਅਤੇ ਗੁਰੂ ਨਾਨਕ ਧਰਮ ਕੰਡਾ ਜ਼ੀਰਕਪੁਰ ਤੋਂ ਬਰਾਮਦਗੀ ਕੀਤੀ ਗਈ ਸੀ।
ਇੰਜ ਹੀ ਅਪਰੈਲ ਵਿੱਚ ਅਪਨਾ ਢਾਬਾ ਤੋਂ ਈਐਨਏ (3000 ਲੀਟਰ) ਦੇ 15 ਡਰੱਮ ਜ਼ਬਤ ਕੀਤੇ ਗਏ ਸਨ। ਬਨੂੜ ਵਿੱਚ ਪਿਛਲੇ ਸਾਲ ਅਗਸਤ ਵਿੱਚ ਪਟਿਆਲਾ ਢਾਬਾ, ਗਰੀਨ ਵੈਸ਼ਨੂ ਢਾਬਾ ਅਤੇ ਝਿਲਮਿਲ ਢਾਬਾ ਤੋਂ ਈਐਨਏ ਦੇ 71 ਡਰੱਮ (14200 ਲੀਟਰ ਈਐਨਏ) ਜ਼ਬਤ ਕੀਤੇ ਗਏ ਸਨ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਅਤੇ ਪੁਲੀਸ ਨੇ ਜੁਲਾਈ ਵਿੱਚ ਪਿੰਡ ਖੇੜੀ ਵਿੱਚ ਇੱਕ ਘਰ ’ਤੇ ਛਾਪੇਮਾਰੀ ਦੌਰਾਨ ਹਰਿਆਣਾ ਵਿੱਚ ਵਿਕਰੀ ਲਈ 119 ਸ਼ਰਾਬ ਦੀਆਂ ਬੋਤਲਾਂ, 95 ਖਾਲੀ ਪਲਾਸਟਿਕ ਦੀਆਂ ਬੋਤਲਾਂ, ਲਗਭਗ 31 ਹਜ਼ਾਰ ਡੁਪਲੀਕੇਟ ਹੋਲੋਗ੍ਰਾਮ, ਰਾਇਲ ਸਟੈਗ ਦੀਆਂ 900 ਕੈਪਸ, ਪੀਐੱਮਐੱਲ ਦੇ 800 ਕੈਪਸ ਅਤੇ ਚੱਢਾ ਸ਼ੂਗਰਜ਼ ਦੇ 415 ਲੇਬਲ, ਕਿਰੀ ਅਫਗਾਨਾ, ਇਕ ਪ੍ਰੈਸ਼ਰ ਪੰਪ ਮਿਲਿਆ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…