ਮੁਹਾਲੀ ਵਿੱਚ ਪੰਜਾਬ ਬਾਇਓਟੈਕਨਾਲੋਜੀ ਇੰਕੂਵੇਟਰ ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦਾ ਉਦਘਾਟਨ

ਪੰਜਾਬ ਸਰਕਾਰ ਕਰੋਨਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ: ਓਪੀ ਸੋਨੀ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਰਾਜ ਅੰਦਰ ਕੋਵਿਡ-19 ਦੀ ਵਾਇਰਲ ਟੈਸਟਿੰਗ ਦੀ ਸਮੱਰਥਾ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਦੇ ਤਹਿਤ ਰੋਜ਼ਾਨਾ 20 ਹਜ਼ਾਰ ਕਰੋਨਾ ਟੈਸਟ ਕੀਤੇ ਜਾਣਗੇ। ਇਹ ਜਾਣਕਾਰੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ। ਇਸ ਤੋਂ ਪਹਿਲਾਂ ਦੋਵੇਂ ਮੰਤਰੀਆਂ ਨੇ ਸਾਂਝੇ ਤੌਰ ’ਤੇ ਮੁਹਾਲੀ ਵਿੱਚ ਪੰਜਾਬ ਬਾਇਓ ਟੈਕਨਾਲੋਜੀ ਇੰਕੂਵੇਟਰ ਅਤੇ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਦਾ ਉਦਘਾਟਨ ਕੀਤਾ। ਇੱਥੇ ਕਰੋਨਾ ਟੈਸਟ ਕੀਤੇ ਜਾਇਆ ਕਰਨਗੇ।
ਓਪੀ ਸੋਨੀ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਪ੍ਰੰਤੂ ਪੰਜਾਬ ਸਰਕਾਰ ਇਸ ਚੁਨੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਬੁਨਿਆਦੀ-ਢਾਂਚਾ ਅਤੇ ਵਾਇਰਲ ਟੈਸਟਿੰਗ ਸਮਰੱਥਾ ਨੂੰ ਸਭ ਤੋਂ ਤੇਜ਼ੀ ਨਾਲ ਅਪਗਰੇਡ ਕਰਨ ਵਾਲਾ ਪੰਜਾਬ ਪਹਿਲਾਂ ਸੂਬਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸੂਬੇ ਵਿੱਚ ਚਾਰ ਲੈਬਾਰਟਰੀਆਂ ਕਾਰਜਸ਼ੀਲ ਹੋਣਗੀਆਂ। ਜਿਨ੍ਹਾਂ ਰਾਹੀਂ ਕੋਵਿਡ-19 ਦੀ ਵਾਇਰਲ ਟੈਸਟਿੰਗ ਦੀ ਸਮਰੱਥਾ 16 ਹਜ਼ਾਰ ਟੈਸਟਾਂ ਤੋਂ ਵਧ ਕੇ 20 ਹਜ਼ਾਰ ਟੈਸਟ ਪ੍ਰਤੀ ਦਿਨ ਹੋ ਜਾਵੇਗੀ। ਅੱਜ ਤੋਂ ਕਾਰਜਸ਼ੀਲ ਕੀਤੀਆਂ ਜਾਣ ਵਾਲੀਆਂ ਦੋ ਹੋਰ ਲੈਬਾਰਟਰੀਆਂ ਰੀਜ਼ਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕੇਸਾਂ ਦਾ ਸਾਹਮਣੇ ਆਉਣਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਵੱਡੇ ਪੱਧਰ ’ਤੇ ਵਾਇਰਲ ਟੈਸਟਿੰਗ ਹੋ ਰਹੇ ਹਨ। ਸਮੇਂ ਸਿਰ ਟੈਸਟ ਕਰਨ ਨਾਲ ਪਾਜ਼ੇਟਿਵ ਲੋਕਾਂ ਨੂੰ ਦੂਜਿਆਂ ਤੋਂ ਅਲੱਗ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਇਸ ਬਿਮਾਰੀ ਦੇ ਹੋਰ ਫੈਲਣ ਦੀ ਸੰਭਾਵਨਾ ਘੱਟ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਲੈਬਾਰਟਰੀ ਵਿੱਚ ਉਪਰਕਨਾਂ ’ਤੇ 1 ਕਰੋੜ ਰੁਪਏ ਦੀ ਲਾਗਤ ਆਈ ਹੈ। ਚਾਰ ਲੈਬਾਰਟਰੀਆਂ ਵਿੱਚ ਕੁੱਲ 83 ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮਾਈਕਰੋ ਬਾਇਓਲੋਜਿਸਟ, ਖੋਜ ਸਹਾਇਕ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, ਡਾਟਾ ਐਂਟਰੀ ਅਪਰੇਟਰ ਅਤੇ ਹੋਰ ਸਹਾਇਕ ਸਟਾਫ਼ ਸ਼ਾਮਲ ਹੈ।
ਇਸ ਮੌਕੇ ਗ੍ਰਹਿ ਤੇ ਸਿਹਤ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਸਤੀਸ਼ ਚੰਦਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ, ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…