ਮੁਹਾਲੀ ਵਿੱਚ ਹੋਵੇਗਾ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ, ਕੈਪਟਨ ਲਹਿਰਾਉਣਗੇ ਤਿਰੰਗਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ, ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲੀਸ ਪੱਬਾਂ ਭਾਰ

ਤਿਰੰਗਾ ਲਹਿਰਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਸੰਬੋਧਨ ਤੱਕ ਹੀ ਸੀਮਤ ਹੋਵੇਗਾ ਸੂਬਾ ਪੱਧਰੀ ਸਮਾਰੋਹ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਗਸਤ ਨੂੰ ਇੱਥੋਂ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ) ਸਰਕਾਰੀ ਕਾਲਜ ਵਿੱਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਮਨਾਇਆ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਐਤਕੀਂ ਆਜ਼ਾਦੀ ਦਿਵਸ ਸਮਾਰੋਹ ਸਾਦਗੀ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਉਪਰੰਤ ਪੰਜਾਬ ਪੁਲੀਸ ਦੇ ਜਵਾਨ ਮਾਰਚ ਵਿੱਚ ਹਿੱਸਾ ਲੈਣਗੇ। ਇਸ ਸਮਾਗਮ ਨੂੰ ਮੁੱਖ ਮੰਤਰੀ ਦੇ ਸੰਬੋਧਨ ਤੱਕ ਸੀਮਤ ਰੱਖਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲੀ ਵਿਦਿਆਰਥੀਆਂ ਨਾਲ ਸਬੰਧਤ ਕੋਈ ਵੀ ਸਭਿਆਚਾਰਕ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਵੇਗਾ।
ਡੀਸੀ ਨੇ ਦੱਸਿਆ ਕਿ ਜਨਤਕ ਸਿਹਤ ਸੁਰੱਖਿਆ ਦੇ ਹਿੱਤ ਵਿੱਚ ਇਸ ਮੌਕੇ ਕੋਈ ਜਨਤਕ ਇਕੱਠ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਸਕੂਲ ਦੇ ਬੱਚਿਆਂ ਨੂੰ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਵੇਗੀ। ਇੱਥੋਂ ਤੱਕ ਕਿ ਸਮਾਗਮ ਵਿੱਚ ਸਨਮਾਨ ਅਤੇ ਐਵਾਰਡ ਦੇਣ ਤੋਂ ਵੀ ਗੁਰੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਵੈੱਬਕਾਸਟਿੰਗ ਸੋਸ਼ਲ ਮੀਡੀਆ ਪਲੇਟਫਾਰਮਾਂ, ਜਿਵੇਂ ਕਿ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਅਤੇ ਯੂਟਿਊਬ ਉੱਤੇ ਲਾਈਵ ਹੋਵੇਗੀ। ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਸਮਾਰੋਹ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਦੱਸਿਆ ਕਿ ਲਾਈਵ ਵੈਬਕਾਸਟ ’ਤੇ ਕੀਤਾ ਜਾਵੇਗਾ। ਇਸ ਮੌਕੇ ਐਸਐਸਪੀ ਕੁਲਦੀਪ ਸਿੰਘ ਚਾਹਲ, ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ, ਏਡੀਸੀ (ਵਿਕਾਸ) ਰਾਜੀਵ ਗੁਪਤਾ, ਐਸਡੀਐਮ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਵੀ ਸਨ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਸਮਾਗਮ ਦੀ ਮੀਡੀਆ ਕਵਰੇਜ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮੋਹਾਲੀ ਤੇ ਚੰਡੀਗੜ੍ਹ ਦੇ ਫੋਟੋ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦੇ ਸਮਾਗਮ ਨੂੰ ਇਸ ਸਥਾਨ ‘ਤੇ ਆ ਕੇ ਕਵਰ ਕਰ ਸਕਦੇ ਹਨ ਜਾਂ ਪ੍ਰੋਗਰਾਮ ਦੇ ਲਿੰਕ ਰਾਹੀਂ ਇਸ ਨੂੰ ਸਾਂਝਾ ਕਰ ਸਕਦੇ ਹਨ ਪਰ ਹੋਰਨਾਂ ਲਈ ਵੈਬਕਾਸਟ ਲਿੰਕ ਰਾਹੀਂ ਸਮਾਗਮ ਨਾਲ ਜੁੜਨਾ ਸੁਵਿਧਾਜਨਕ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਦੇ ਸਾਰੇ ਨੁਮਾਇੰਦਿਆਂ ਅਤੇ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਸਕਰੀਨਿੰਗ ਬਾਅਦ ਹੀ ਸਮਾਗਮ ਵਾਲੇ ਸਥਾਨ ‘ਤੇ ਜਾਣ ਦਿੱਤਾ ਜਾਵੇਗਾ।
ਸਮਾਗਮ ਵਾਲੀ ਥਾਂ ਦੀ ਸਾਫ਼-ਸਫ਼ਾਈ ਅਤੇ ਸਮੁੱਚੇ ਖੇਤਰ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਕਰੋਨਾ ਦੇ ਮੱਦੇਨਜ਼ਰ ਪੁਲੀਸ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਝੰਡਾ ਲਹਿਰਾਉਣ ਜਾਂ ਉਸ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੇ ਨੇੜੇ ਨਾ ਢੁੱਕਣ ਦਿੱਤਾ ਜਾਵੇ ਅਤੇ ਬਿਨਾਂ ਸਪੈਸ਼ਲ ਪਾਸ ਜਾਂ ਸੱਦਾ ਪੱਤਰ ਤੋਂ ਕਿਸੇ ਸ਼ਖ਼ਸ ਨੂੰ ਸਮਾਗਮ ਵਾਲੀ ਥਾਂ ’ਤੇ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਸਮਾਗਮ ਦੀ ਮੀਡੀਆ ਕਵਰੇਜ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮੁਹਾਲੀ ਅਤੇ ਚੰਡੀਗੜ੍ਹ ਦੇ ਫੋਟੋ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦੇ ਸਮਾਗਮ ਨੂੰ ਇਸ ਸਥਾਨ ’ਤੇ ਪਹੁੰਚ ਕੇ ਕਵਰ ਕਰ ਸਕਦੇ ਹਨ ਜਾਂ ਪ੍ਰੋਗਰਾਮ ਦੇ ਲਿੰਕ ਰਾਹੀਂ ਇਸ ਨੂੰ ਸਾਂਝਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਾਰੇ ਨੁਮਾਇੰਦਿਆਂ ਅਤੇ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਨੂੰ ਸਕਰੀਨਿੰਗ ਬਾਅਦ ਹੀ ਸਮਾਗਮ ਵਾਲੇ ਸਥਾਨ ’ਤੇ ਜਾਣ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…