nabaz-e-punjab.com

ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਨਵੇਂ 2 ਲੱਖ ਬੱਚਿਆਂ ਲਈ ਕੇਂਦਰ ਤੋਂ ਮਿਡ-ਡੇਅ-ਮੀਲ ਰਾਸ਼ਨ ਤੇ ਫੰਡ ਮੰਗਿਆ

ਪੰਜਾਬ ਸਰਕਾਰ ਵੱਲੋਂ 44 ਕਰੋੜ ਮਿਡ-ਡੇਅ-ਮੀਲ ਕੁਕਿੰਗ ਕਾਸਟ ਅਤੇ ਵਰਕਰਾਂ ਦੇ ਮਿਹਨਤਾਨੇ ਲਈ 11 ਕਰੋੜ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਕਰੋਨਾਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਜਮਾਤਾਂ ਦੇ ਦਾਖ਼ਲਿਆਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬੱਚਿਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਕੇਂਦਰ ਸਰਕਾਰ ਪਾਸੋਂ ਮਿਡ ਡੇਅ ਮੀਲ ਲਈ ਪਹਿਲਾਂ ਤੋਂ ਮਿਲ ਰਹੀ ਰਾਸ਼ੀ ਅਤੇ ਰਾਸ਼ਨ ਦੇ ਨਾਲ-ਨਾਲ ਹੁਣ 2 ਲੱਖ ਹੋਰ ਨਵੇਂ ਬੱਚਿਆਂ ਲਈ ਮਿਡ-ਡੇਅ-ਮੀਲ ਦਾ ਰਾਸ਼ਨ ਅਤੇ ਲੋੜੀਂਦੇ ਫੰਡ ਰਿਲੀਜ਼ ਕੀਤੇ ਜਾਣ।
ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੈਸ਼ਨ 2020-21 ਲਈ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ 14.05 ਲੱਖ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਲਈ 304 ਕਰੋੜ ਦੀ ਰਾਸ਼ੀ ਅਤੇ 46396 ਮੀਟਰਿਕ ਟਨ ਅਨਾਜ਼ ਦੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਹੁਣ ਤੱਕ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਵਿੱਚ 16.08 ਲੱਖ ਬੱਚੇ ਦਾਖ਼ਲਾ ਲੈ ਚੁੱਕੇ ਹਨ ਅਤੇ ਹਾਲੇ ਵੀ ਨਵੇਂ ਦਾਖ਼ਲੇ ਜਾਰੀ ਹਨ। ਜਿਸ ਕਾਰਨ ਨਵੇਂ ਦਾਖ਼ਲ ਹੋਏ ਬੱਚਿਆਂ ਲਈ ਮਿਡ-ਡੇਅ-ਮੀਲ ਲਈ ਰਾਸ਼ਨ ਤੇ ਰਾਸ਼ੀ ਦੀ ਸਖ਼ਤ ਲੋੜ ਹੈ।
ਪੰਜਾਬ ਸਰਕਾਰ ਨੇ ਦਾਖ਼ਲੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਇਮਰੀ ਦੇ ਪਹਿਲੀ ਤੋਂ ਪੰਜਵੀਂ ਅਤੇ ਅਪਰ-ਪ੍ਰਾਇਮਰੀ ਦੇ ਛੇਵੀਂ ਤੋਂ ਅੱਠਵੀਂ ਤੱਕ ਦੇ 19735 ਸਕੂਲਾਂ ਦੇ 14.45 ਲੱਖ ਵਿਦਿਆਰਥੀਆਂ ਦੇ ਮਿਡ-ਡੇਅ-ਮੀਲ ਅਤੇ ਸਬੰਧਤ ਫੰਡਾਂ ਲਈ ਤਜਵੀਜ਼ ਭੇਜੀ ਸੀ ਅਤੇ ਬੀਤੀ 26 ਜੂਨ ਨੂੰ ਪ੍ਰੋਗਰਾਮ ਅਪਰੂਵਲ ਬੋਰਡ (ਪੀਏਬੀ) ਵੱਲੋਂ ਇਸ ਸਬੰਧੀ ਲੋੜੀਂਦੇ ਫੰਡਾਂ ਅਤੇ ਕਣਕ-ਚਾਵਲ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ। ਹੁਣ ਪੰਜਾਬ ਸਰਕਾਰ ਵੱਲੋਂ 2 ਲੱਖ ਨਵੇਂ ਦਾਖ਼ਲਾ ਹੋ ਚੁੱਕੇ ਬੱਚਿਆਂ ਲਈ ਸਪਲੀਮੈਂਟਰੀ (ਅਨੁਪੂਰਕ) ਮੰਗ ਭੇਜੀ ਗਈ ਹੈ। ਹਾਲਾਂਕਿ ਕੋਵਿਡ-19 ਕਾਰਨ ਸਾਰੇ ਸਕੂਲ ਬੰਦ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਨੇ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਪੜ੍ਹਾਈ ਮੁਫ਼ਤ ਕਰ ਦਿੱਤੀ ਹੈ ਅਤੇ ਜਦਕਿ ਨਿੱਜੀ ਸਕੂਲ ਵੀ ਬੰਦ ਹਨ ਅਤੇ ਉਹ ਵਿਦਿਆਰਥੀਆਂ ਤੋਂ ਫੀਸ ਦੀ ਮੰਗ ਕਰ ਰਹੇ ਹਨ। ਨਿੱਜੀ ਸਕੂਲਾਂ ਦੀਆਂ ਫੀਸਾਂ ਦੇ ਮੱਦੇਨਜ਼ਰ ਮਾਪਿਆਂ ਦੀਆਂ ਵਿੱਤੀ ਦਿੱਕਤਾਂ ਵਧਣ ਕਾਰਨ ਅਤੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੀ ਚਰਚਾ ਹੋਣ ਕਾਰਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ।
ਡੀਜੀਐਸਈ ਦੇ ਓਐੱਸਡੀ ਆਈਪੀਐੱਸ ਮਲਹੋਤਰਾ ਨੇ ਦੱਸਿਆ ਹੈ ਕਿ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਮਿਡ-ਡੇਅ-ਮੀਲ ਲਈ 31 ਜੁਲਾਈ ਤੱਕ ਮਿਡ-ਡੇਅ-ਮੀਲ ਕੁਕਿੰਗ ਕਾਸਟ 44 ਕਰੋੜ ਅਤੇ ਮਿਡ-ਡੇਅ-ਮੀਲ ਵਰਕਰਾਂ ਦਾ ਮਿਹਨਤਾਨਾ 11 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਜਾਂ ਹਾਜ਼ਰੀ ਵਧਣ ਕਾਰਨ ਫੰਡਾਂ ਜਾਂ ਰਾਸ਼ਨ ਦੀ ਪੰਜਾਬ ਵੱਲੋਂ ਕੀਤੀ ਗਈ ਮੰਗ ਸਬੰਧੀ ਮਾਮਲਾ ਕੇਂਦਰ ਸਰਕਾਰ ਵੱਲੋਂ ਵਿਚਾਰਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…