ਪਿੰਡ ਭਾਗੋਮਾਜਰਾ ਦੇ ਚਾਰ ਭਰਾਵਾਂ ਨੇ ਬਿਲਡਰ ’ਤੇ ਜ਼ਮੀਨ ਹਥਿਆਉਣ ਲਈ ਗੁੰਡਾਗਰਦੀ ਦਾ ਦੋਸ਼

ਬਿਲਡਰ ਨੇ ਦੋਸ਼ ਨਕਾਰੇ, ਉਹ 14 ਦਿਨਾਂ ਤੋਂ ਇਕਾਂਤਵਾਸ ’ਚ ਹੈ, ਜ਼ਮੀਨ ਬਾਰੇ ਕੋਈ ਜਾਣਕਾਰੀ ਨਹੀਂ

ਭੁਪਿੰਦਰ ਬੱਬਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਇੱਥੋਂ ਦੇ ਨਜ਼ਦੀਕੀ ਪਿੰਡ ਭਾਗੋਮਾਜਰਾ ਦੇ ਵਸਨੀਕ ਬਲਬੀਰ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ ਅਤੇ ਮੇਜਰ ਸਿੰਘ ਮੁਹਾਲੀ ਨੇ ਖਰੜ ਦੇ ਦੋ ਬਿਲਡਰਾਂ ’ਤੇ ਉਨ੍ਹਾਂ ਦੀ 10 ਕਨਾਲ ਅਤੇ 12 ਮਰਲੇ ਜ਼ਮੀਨ ਦੇ ਇੱਕ ਹਿੱਸੇ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਕਥਿਤ ਦੋਸ਼ ਲਾਇਆ ਹੇ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਲ 1995 ਵਿੱਚ ਉਨ੍ਹਾਂ ਨੇ ਨਰਿੰਦਰ ਕੌਰ ਤੋਂ ਜ਼ਮੀਨ ਖਰੀਦੀ ਸੀ। ਜਿਸ ’ਤੇ ਕੋਈ ਵਿਵਾਦ ਵੀ ਨਹੀਂ ਹੈ। ਲੇਕਿਨ ਹੁਣ ਖਰੜ ਦੇ ਬਿਲਡਰ ਪ੍ਰਵੀਨ ਕੁਮਾਰ ਅਤੇ ਮਨਮੋਹਨ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ’ਤੇ ਆਪਣੀ ਮਾਲਕੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਮੀਨ ਤੋਂ ਕਬਜ਼ਾ ਛੱਡਣ ਲਈ ਧਮਕਾਇਆ ਜਾ ਰਿਹਾ ਹੈ। ਬਿਲਡਰਾਂ ਦਾ ਕਹਿਣਾ ਹੈ ਕਿ ਇਸ ਜ਼ਮੀਨ ਦੇ ਇੱਕ ਕਨਾਲ ਸਾਢੇ 6 ਮਰਲਾ ਹਿੱਸਾ ਉਨ੍ਹਾਂ ਨੂੰ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਇਸ ਦੇ ਬਦਲੇ ਪੈਸੇ ਦਿੱਤੇ ਜਾਣ।
ਪੀੜਤ ਵਿਅਕਤੀਆਂ ਨੇ ਕਿਹਾ ਕਿ ਬੀਤੀ 12 ਫਰਵਰੀ ਨੂੰ ਉਕਤ ਬਿਲਡਰਾਂ ਦੇ ਕੁੱਝ ਬੰਦਿਆਂ ਨੇ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਕਿਹਾ ਕਿ ਉਕਤ ਜ਼ਮੀਨ ’ਚੋਂ 1 ਕਨਾਲ ਸਾਢੇ 6 ਮਰਲੇ ਜ਼ਮੀਨ ਛੱਡੀ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੀੜਤਾਂ ਨੇ ਆਪਣੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਫੂਟੇਜ ’ਤੇ ਆਧਾਰ ’ਤੇ ਚਾਰ ਵਿਅਕਤੀਆਂ ਦੀ ਪਛਾਣ ਦੱਸਦਿਆਂ ਉਨ੍ਹਾਂ ਖ਼ਿਲਾਫ਼ 20 ਫਰਵਰੀ ਨੂੰ ਧਾਰਾ 452, 506, 148, 149 ਆਈਪੀਸੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਉਕਤ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਕੱਚੀ ਜ਼ਮਾਨਤ ’ਤੇ ਬਾਹਰ ਆ ਗਏ ਸੀ। ਉਨ੍ਹਾਂ ਦੱਸਿਆ ਕਿ ਬੀਤੀ 17 ਅਗਸਤ ਨੂੰ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਨੇ ਉਨ੍ਹਾਂ ਦੇ ਲੜਕੇ ਅਮਨਦੀਪ ਸਿੰਘ (ਜੋ ਕਿ ਤੜਕੇ ਦੁੱਧ ਪਾਉਣ ਜਾ ਰਿਹਾ ਸੀ) ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ, ਉਸ ਦੀ ਪੱਗ ਲਾਹ ਦਿੱਤੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਉੱਥੋਂ ਲੰਘ ਰਹੇ ਥਾਣੇਦਾਰ ਗੁਰਮੇਲ ਸਿੰਘ ਨੇ ਦੋਧੀ ਨੂੰ ਬਚਾ ਲਿਆ। ਨਹੀਂ ਤਾਂ ਹਮਲਾਵਰ ਉਸ ਨੂੰ ਜਾਨੋਂ ਮਾਰ ਹੀ ਦੇਣਾ ਸੀ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
(ਬਾਕਸ ਆਈਟਮ)
ਉਧਰ, ਖਰੜ ਦੇ ਬਿਲਡਰ ਪ੍ਰਵੀਨ ਕੁਮਾਰ ਨੇ ਉਕਤ ਵਿਅਕਤੀਆਂ ਦੀ ਜ਼ਮੀਨ ਧੱਕੇ ਨਾਲ ਹਥਿਆਉਣ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿ ਕਿਹਾ ਉਨ੍ਹਾਂ ਦਾ ਕਿਸੇ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਹ ਸ਼ਿਕਾਇਤ ਕਰਤਵਾਂ ਨੂੰ ਜਾਣਦੇ ਹਨ। ਬਿਲਡਰ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਹਨ ਅਤੇ ਆਪਣੇ ਘਰ ਵਿੱਚ ਇਕਾਂਤਵਾਸ ਹਨ। ਬੀਤੀ 2 ਅਗਸਤ ਨੂੰ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਠੀਕ ਨਹੀਂ ਹੋਏ। ਉਂਜ ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਜਿਸ ਮਨਮੋਹਨ ਸਿੰਘ ਦੀ ਗੱਲ ਕਰ ਰਹੇ ਹਨ। ਉਹ ਡੇਢ ਸਾਲ ਪਹਿਲਾਂ ਹੀ ਉਨ੍ਹਾਂ ਕੋਲੋਂ ਕੰਮ ਛੱਡ ਚੁੱਕਾ ਹੈ। ਇਸ ਤੋਂ ਬਾਅਦ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਬਿਲਡਰ ਨੇ ਕਿਹਾ ਕਿ ਉਕਤ ਵਿਅਕਤੀ ਜਾਣਬੁੱਝ ਕੇ ਉਸ ਨੂੰ ਬਦਨਾਮ ਕਰ ਰਹੇ ਹਨ। ਜਿਨ੍ਹਾਂ ਨੂੰ ਉਹ ਅਦਾਲਤ ਵਿੱਚ ਘੜੀਸਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…