Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਮੁਹਾਲੀ ਦੀ ਵਾਰਡਬੰਦੀ ਬਾਰੇ ਕਮਿਸ਼ਨਰ ਨੂੰ ਖਰੜਾ ਤਿਆਰ ਕਰਨ ਲਈ ਕਿਹਾ ਹੁਣ 8 ਸਤੰਬਰ ਨੂੰ ਹੋਵੇਗੀ ਵਾਰਡਬੰਦੀ ਬੋਰਡ ਦੀ ਦੂਜੀ ਮੀਟਿੰਗ ਅਕਾਲੀ-ਭਾਜਪਾ ਦੇ ਸਾਬਕਾ ਕੌਂਸਲਰਾਂ ਨੂੰ ਵਿਰੋਧੀਆਂ ਦੇ ਵਾਰਡਾਂ ਨਾਲ ਛੇੜਛਾੜ ਕਰਨ ਦਾ ਖ਼ਦਸ਼ਾ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ: ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨਵੇਂ ਸਿਰਿਓਂ ਵਾਰਡਬੰਦੀ ਲਈ ਸਥਾਨਕ ਸਰਕਾਰ ਵਿਭਾਗ ਵੱਲੋਂ ਗਠਿਤ ਕੀਤੇ ਵਾਰਡਬੰਦੀ ਬੋਰਡ ਦੀ ਅੱਜ ਪਲੇਠੀ ਮੀਟਿੰਗ ਹੋਈ। ਇਸ ਸਬੰਧੀ ਕਮਿਸ਼ਨਰ ਨੂੰ ਕਿਹਾ ਗਿਆ ਕਿ ਤੈਅ ਨਿਯਮਾਂ ਅਨੁਸਾਰ ਵਾਰਡਬੰਦੀ ਦੀ ਰੂਪਰੇਖਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਖਰੜਾ ਪੇਸ਼ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਪੁਰਾਣੇ 50 ਵਾਰਡਾਂ ਦੀ ਨਵੀਂ ਵਾਰਡਬੰਦੀ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ 8 ਸਤੰਬਰ ਨੂੰ ਤੈਅ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਹੋਈ ਇਸ ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਦੋ ਗੈਰ ਸਰਕਾਰੀ ਮੈਂਬਰਾਂ ਕੁਲਜੀਤ ਸਿੰਘ ਬੇਦੀ ਅਤੇ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਸਮੇਤ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਨਿਗਮ ਅਧਿਕਾਰੀਆਂ ਨੇ ਵਾਰਡਬੰਦੀ ਪ੍ਰਕਿਰਿਆ ਦੇ ਅਮਲ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਆਪਸੀ ਵਿਚਾਰ-ਚਰਚਾ ਤੋਂ ਬਾਅਦ ਕਮਿਸ਼ਨਰ ਨੂੰ ਕਿਹਾ ਗਿਆ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਤਕਨੀਕੀ ਸਟਾਫ਼ ਨਾਲ ਤਾਲਮੇਲ ਕਰਕੇ ਵਾਰਡਬੰਦੀ ਦੀ ਰੂਪਰੇਖਾ ਉਲੀਕੀ ਜਾਵੇ ਅਤੇ ਇਸ ਦਾ ਖਰੜਾ ਅਗਲੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇ। ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਦੀ ਚਰਚਾ ਚਲ ਰਹੀ ਹੈ ਪ੍ਰੰਤੂ ਕਰੋਨਾ ਦੇ ਮੱਦੇਨਜ਼ਰ ਇਹ ਕੰਮ ਲਗਾਤਾਰ ਪਛੜਦਾ ਜਾ ਰਿਹਾ ਹੈ। ਪਹਿਲਾਂ ਤਾਂ ਇਹ ਕੰਮ ਦਫ਼ਤਰੀ ਫਾਈਲਾਂ ਵਿੱਚ ਹੀ ਉਲਝਿਆ ਰਿਹਾ ਅਤੇ ਬਾਅਦ ਵਿੱਚ ਕਮਿਸ਼ਨਰ ਦੇ ਇਕਾਂਤਵਾਸ ਵਿੱਚ ਜਾਣ ਕਾਰਨ ਵਾਰਡਬੰਦੀ ਦੀ ਮੁੱਢਲੀ ਪ੍ਰਕਿਰਿਆ ਲਟਕ ਗਈ। ਸੂਤਰ ਦੱਸਦੇ ਹਨ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਪੱਧਰ ’ਤੇ ਵਾਰਡਬੰਦੀ ਦਾ ਨਕਸ਼ਾ ਤਿਆਰ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਦੇ ਵਾਰਡਾਂ ਨਾਲ ਕਾਫ਼ੀ ਹੱਦ ਤੱਕ ਕਥਿਤ ਛੇੜਛਾੜ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਅੱਜ ਹੋਈ ਪਹਿਲੀ ਮੀਟਿੰਗ ਵਿੱਚ ਕੁਝ ਖਾਸ ਨਹੀਂ ਹੋਇਆ ਹੈ ਅਤੇ ਵਾਰਡਬੰਦੀ ਦੇ ਕੰਮ ਨੂੰ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਉਧਰ, ਅਕਾਲੀ-ਭਾਜਪਾ ਗੱਠਜੋੜ ਦੇ ਸਾਬਕਾ ਕੌਂਸਲਰਾਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਸਿਆਸੀ ਬਦਲਾਖੋਰੀ ਅਤੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹੁਕਮਰਾਨ ਉਨ੍ਹਾਂ ਦੇ ਪੁਰਾਣੇ ਵਾਰਡਾਂ ਦੇ ਮੌਜੂਦਾ ਖੇਤਰਫਲ ਨਾਲ ਛੇੜਛਾੜ ਕਰ ਸਕਦੇ ਹਨ। ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਸੁਰਿੰਦਰ ਸਿੰਘ ਰੋਡਾ, ਆਰਪੀ ਸ਼ਰਮਾ, ਗੁਰਮੁੱਖ ਸਿੰਘ ਸੋਹਲ ਅਤੇ ਹੋਰਨਾਂ ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪ੍ਰੰਤੂ ਦੂਜੇ ਪਾਸੇ ਕਾਂਗਰਸੀ ਆਗੂ ਉਨ੍ਹਾਂ ਨੂੰ ਹਰਾਉਣ ਲਈ ਆਪਣੇ ਹਿਸਾਬ ਨਾਲ ਵਾਰਡਬੰਦੀ ਕਰਨਾ ਚਾਹੁੰਦੇ ਹਨ। ਸਬੰਧਤ ਤਸਵੀਰ: ਮੁਹਾਲੀ ਨਗਰ ਨਿਗਮ ਦੀ ਦਫ਼ਤਰੀ ਇਮਾਰਤੀ ਦਾ ਬਾਹਰੀ ਦ੍ਰਿਸ਼।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ