ਬਲਬੀਰ ਸਿੱਧੂ ਦੇ ਯਤਨਾਂ ਸਦਕਾ ਮੁਹਾਲੀ ਦੀਆਂ ਮਾਰਕੀਟਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ

ਸਿਹਤ ਮੰਤਰੀ ਨੇ ਮਾਰਕੀਟਾਂ ਵਿੱਚ ਸਵਾ ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ

ਫੇਜ਼-1 ਤੋਂ ਫੇਜ਼-11 ਤੱਕ ਦੀਆਂ ਮਾਰਕੀਟਾਂ ਦੇ ਨਵੀਨੀਕਰਨ ’ਤੇ 6 ਕਰੋੜ ਖ਼ਰਚੇ ਜਾਣਗੇ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਇੱਥੋਂ ਦੇ ਫੇਜ਼-7 ਅਤੇ ਫੇਜ਼-10 ਦੀਆਂ ਮਾਰਕੀਟਾਂ ਵਿੱਚ ਕ੍ਰਮਵਾਰ 60.39 ਲੱਖ ਅਤੇ 66 ਲੱਖ ਰੁਪਏ ਦੀ ਲਾਗਤ ਵਾਲੇ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਦੱਸਿਆ ਕਿ ਫੇਜ਼-1 ਤੋਂ ਫੇਜ਼-11 ਅਤੇ ਸੈਕਟਰ-70 ਤੇ ਸੈਕਟਰ-71 ਦੀਆਂ ਸਮੂਹ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਨਵੀਨੀਕਰਨ ’ਤੇ ਛੇ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਮਾਰਕੀਟਾਂ ਦੇ ਨਵੀਨੀਕਰਨ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਉੱਥੇ ਦੁਕਾਨਦਾਰਾਂ ਅਤੇ ਖ਼ਰੀਦਦਾਰਾਂ ਨੂੰ ਵੀ ਸਹੂਲਤਾਂ ਮਿਲਣਗੀਆਂ। ਮਾਰਕੀਟਾਂ ਵਿੱਚ ਰੈੱਡ ਸਟੋਨ, ਲਾਈਟਾਂ, ਗਰਿੱਲਾਂ ਲਗਾਉਣ ਦੇ ਨਾਲ-ਨਾਲ ਫੁਲ ਬੂਟੇ ਵੀ ਲਾਏ ਜਾਣਗੇ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਰਕੀਟਾਂ ਦੇ ਨਵੀਨੀਕਰਨ ਦਾ ਸਮੁੱਚਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਕਮਲ ਗਰਗ, ਐਸਸੀ ਮੁਕੇਸ਼ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਬਲਕਰਨ ਸਿੰਘ, ਟਿੰਕੂ ਆਨੰਦ, ਮਨਜੀਤ ਸਿੰਘ ਚੌਹਾਨ, ਨਰਪਿੰਦਰ ਸਿੰਘ ਰੰਗੀ, ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਗਗਨਦੀਪ ਧਾਰੀਵਾਲ, ਬਲਜੀਤ ਸਿੰਘ ਗਰੇਵਾਲ, ਅਮਨਪ੍ਰੀਤ ਸਿੰਘ, ਅਨਮੋਲ ਰਤਨ ਭੱਟੀ, ਕਰਨਲ ਰਣਜੀਤ ਸਿੰਘ ਬੋਪਾਰਾਏ, ਜਸਵਿੰਦਰ ਸ਼ਰਮਾ, ਨਿਰਮਲ ਸਿੰਘ ਕੰਗ, ਐਕਸੀਅਨ ਹਰਪ੍ਰੀਤ ਸਿੰਘ, ਅਵਨੀਤ ਕੌਰ, ਸਤੀਸ਼ ਸੈਣੀ, ਐਸਡੀਓ ਨੀਲਮ ਮਹਿੰਮੀ, ਜੇਈ ਪਵਨ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…