ਪਾਵਰਕੌਮ ਦੇ ਬਰਖ਼ਾਸਤ ਠੇਕਾ ਮੁਲਾਜ਼ਮਾਂ ਦੀ ਬਹਾਲੀ ਤੇ ਛਾਂਟੀ ਨੀਤੀ ਰੱਦ ਤੇ ਮੁਆਵਜ਼ਾ ਦੇਣ ਦੀ ਮੰਗ ਮਨਜ਼ੂਰ

ਮੁਹਾਲੀ ਵਿੱਚ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ, ਠੇਕਾ ਮੁਲਾਜ਼ਮ ਬਾਗੋਬਾਗ

ਠੇਕਾ ਮੁਲਾਜ਼ਮਾਂ ਦਾ ਵਕੀਲ ਬਣ ਕੇ ਮੁੱਖ ਮੰਤਰੀ ਦੇ ਘਰ ਦਾ ਬੂਹਾ ਖੜਕਾਉਣ ਤੋਂ ਪਿੱਛੇ ਨਹੀਂ ਹਟਾਂਗਾ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦਿਆਂ ਸੂਬਾ ਸਰਕਾਰ ਨੇ ਕੌੜਾ ਘੁੱਟ ਭਰਦਿਆਂ ਠੇਕਾ ਕਾਮਿਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਹੈ। ਮੁਹਾਲੀ ਦੇ ਕਿਰਤ ਭਵਨ ਵਿੱਚ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਚਰਚਾ ਕਰਦਿਆਂ ਪਾਵਰਕੌਮ ਦੇ ਬਰਖ਼ਾਸਤ ਠੇਕਾ ਕਾਮਿਆਂ ਦੀ ਮੁੜ ਬਹਾਲੀ, ਛਾਂਟੀ ਨੀਤੀ ਨੂੰ ਰੱਦ ਕਰਨ ਸਮੇਤ ਡਿਊਟੀ ਦੌਰਾਨ ਫੌਤ ਅਤੇ ਅਪਾਹਜ ਹੋਏ ਮੁਲਾਜ਼ਮਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਮਨਜ਼ੂਰ ਕੀਤੀ ਗਈ।
ਇਸ ਮੀਟਿੰਗ ਵਿੱਚ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ. ਜੰਜੂਆ, ਕਿਰਤ ਕਮਿਸ਼ਨਰ ਪੰਜਾਬ ਪ੍ਰਵੀਨ ਕੁਮਾਰ ਥਿੰਦ, ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ, ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਆਰ.ਪੀ. ਪਾਂਡਵ, ਸਕੱਤਰ ਬਲਵਿੰਦਰ ਸਿੰਘ ਗੁਰਮ ਅਤੇ ਠੇਕਾ ਮੁਲਾਜ਼ਮ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਚੌਧਰ ਸਿੰਘ, ਡਵੀਜ਼ਨ ਪ੍ਰਧਾਨ ਸ਼ਿਵ ਸੰਕਰ ਸ਼ਾਮਲ ਸਨ।
ਇਸ ਮੌਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਸਬੰਧੀ ਪ੍ਰਕਿਰਿਆ ਜਾਰੀ ਹੈ ਪ੍ਰੰਤੂ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਦੇ ਚੱਲਦਿਆਂ ਇਹ ਕੰਮ ਥੋੜ੍ਹ ਪਛੜ ਜ਼ਰੂਰ ਗਿਆ ਹੈ ਲੇਕਿਨ ਪੰਜਾਬ ਵਿੱਚ ਮਾਹੌਲ ਸੁਖਾਵਾਂ ਹੋਣ ’ਤੇ ਕੈਬਨਿਟ ਸਬ ਕਮੇਟੀ ਵੱਲੋਂ ਪਹਿਲ ਦੇ ਆਧਾਰ ’ਤੇ ਠੇਕਾ ਕਾਮਿਆਂ ਦੀਆਂ ਜਾਇਜ਼ ਮੰਗਾਂ ’ਤੇ ਗੌਰ ਕੀਤੀ ਜਾਵੇਗੀ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਬੀਤੀ 17 ਮਾਰਚ ਨੂੰ ਕਿਰਤ ਮੰਤਰੀ, ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ ਨੌਕਰੀ ਤੋਂ ਕੱਢੇ ਠੇਕਾ ਕਾਮਿਆਂ ਨੂੰ ਬਹਾਲ ਕਰਨ, ਛਾਂਟੀ ਦੀ ਨੀਤੀ ਪੱਕੇ ਤੌਰ ’ਤੇ ਰੱਦ ਕਰਨ, ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਫੌਤ ਹੋਏ ਕਾਮਿਆਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਸਮੇਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਫੈਸਲਾ ਹੋਇਆ ਸੀ ਪ੍ਰੰਤੂ ਹੁਣ ਤੱਕ ਪਾਵਰਕੌਮ ਮੈਨੇਜਮੈਂਟ ਉਕਤ ਮੰਗਾਂ ਲਾਗੂ ਕਰਨ ਲਗਾਤਾਰ ਭੱਜਦੀ ਰਹੀ ਹੈ। ਜਿਸ ਕਾਰਨ ਕਰੋਨਾ ਸ਼ੰਕਟ ਦੇ ਬਾਵਜੂਦ ਠੇਕਾ ਮੁਲਾਜ਼ਮਾਂ ਨੂੰ ਪੜਾਅਵਾਰ ਸੰਘਰਸ਼ ਵਿੱਢਣਾ ਪਿਆ ਹੈ। ਜਿਸ ਕਾਰਨ ਮੁਲਾਜ਼ਮਾਂ ਦੇ ਸੰਘਰਸ਼ ਅਤੇ ਕਿਰਤ ਮੰਤਰੀ ਦੀ ਯੋਗ ਪੈਰਵਾਈ ਸਦਕਾ ਠੇਕਾ ਮੁਲਜ਼ਮਾਂ ਨੂੰ ਇਨਸਾਫ਼ ਦ ਆਸ ਬੱਝੀ ਹੈ। ਕੈਬਿਨਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਠੇਕਾ ਮੁਲਾਜ਼ਮਾਂ ਦਾ ਵਕੀਲ ਬਣ ਕੇ ਮੁੱਖ ਮੰਤਰੀ ਦੇ ਘਰ ਦਾ ਬੂਹਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…