ਸਿੱਖਿਆ ਵਿਭਾਗ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਬਣਾਇਆ ਵਿਸ਼ਵ ਕੀਰਤੀਮਾਨ

ਏਸ਼ੀਆ ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਨੇ ਦਿੱਤੀ ਮਾਨਤਾ

48 ਘੰਟਿਆਂ ਵਿੱਚ 4.78 ਲੱਖ ਵਿਦਿਆਰਥੀਆਂ ਨੇ ਟੈਸਟ ਵਿੱਚ ਲਿਆ ਭਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਦੇ ਅਧਿਆਪਕਾਂ ਦੀ ਕੰਪਿਊਟਰ ਸਾਇੰਸ ਟੀਮ ਤਾਲਾਬੰਦੀ ਦੌਰਾਨ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਨਲਾਈਨ ਕੰਪਿਊਟਰ ਸਿੱਖਿਆ ਦੇਣ ਦੇ ਨਾਲ-ਨਾਲ ਮੁਲਾਂਕਣ ਦੇ ਖੇਤਰ ਵਿੱਚ ਨਵਾਂ ਵਿਸ਼ਵ ਕੀਰਤੀਮਾਨ ਸਿਰਜਿਆ ਹੈ। ਵਿਦਿਆਰਥੀਆਂ ਦੀ ਮਿਹਨਤ ਦਾ ਮੁਲਾਂਕਣ ਕਰਨ ਲਈ ਇਸ ਟੀਮ ਵੱਲੋਂ 30 ਤੇ 31 ਅਗਸਤ ਨੂੰ ਅੱਧੀ ਰਾਤ ਤੱਕ (48 ਘੰਟੇ) ਵਿਦਿਆਰਥੀਆਂ ਦਾ ਆਨਲਾਈਨ ਟੈੱਸਟ ਲਿਆ ਗਿਆ ਸੀ। ਇਸ ਦੌਰਾਨ 4 ਲੱਖ 78 ਹਜ਼ਾਰ 295 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ।
ਕੋਵਿਡ-19 ਦੌਰਾਨ ਹੁਣ ਤੱਕ ਦਾ ਵਿਸ਼ਵ ਦਾ ਇਹ ਸਭ ਤੋਂ ਵੱਡਾ ਆਨਲਾਈਨ ਟੈੱਸਟ ਸੀ। ਅਧਿਆਪਕਾਂ ਦੀ ਟੀਮ ਨੇ ਇਸ ਮਿਸਾਲੀ ਪ੍ਰਾਪਤੀ ਨੂੰ ਇੰਡੀਅਨ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾ ਕੇ ਸਿੱਖਿਆ ਦੇ ਖੇਤਰ ਵਿੱਚ ਨਵਾਂ ਕੀਰਤੀਮਾਨ ਸਿਰਜਿਆ ਹੈ। ਇਹ ਟੈੱਸਟ 6ਵੀਂ ਤੋਂ ਬਾਰ੍ਹਵੀਂ ਜਮਾਤ ਦੇ ਪੱਧਰ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਵਿਭਾਗ ਦੇ ਸਾਰੇ ਕੰਪਿਊਟਰ ਫੈਕਲਟੀਜ਼ ਨੂੰ ਵੰਡਿਆ ਗਿਆ ਸੀ। ਵਿਦਿਆਰਥੀਆਂ ਵਿੱਚ ਇਸ ਟੈੱਸਟ ਲਈ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਕੰਪਿਊਟਰ ਸਾਇੰਸ ਟੀਮ ਦੀ ਕੋਰ ਕਮੇਟੀ ਵਿੱਚ ਸ਼ਾਮਲ ਇੰਦਰਜੀਤ ਸਿੰਘ ਕਲਸੀ ਫਿਰੋਜ਼ਪੁਰ, ਯੂਨਸ ਖੋਖਰ ਨਵਾਂ ਸ਼ਹਿਰ, ਮੁਹੰਮਦ ਆਰਿਫ਼ ਸੰਗਰੂਰ, ਨਵਜੋਤ ਕੌਰ ਸੰਗਰੂਰ, ਸਰਬਜੀਤ ਕੌਰ ਮਾਨਸਾ ਅਤੇ ਹਰਦੀਪ ਕੌਰ ਬਠਿੰਡਾ, ਸੁਦੇਸ਼ ਮਹਾਜਨ ਹੁਸ਼ਿਆਰਪੁਰ, ਸੰਦੀਪ ਸਿੰਘ ਤਰਨਤਾਰਨ, ਕਿਰਨ ਬਾਲਾ ਸੰਗਰੂਰ, ਬਰਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਨੇ ਵੀ ਅਹਿਮ ਯੋਗਦਾਨ ਪਾਇਆ। ਕੰਪਿਊਟਰ ਸਾਇੰਸ ਟੀਮ ਨੇ ਇਸ ਇਤਹਾਸਕ ਜਿੱਤ ਨੂੰ ਜਨਤਕ ਕਰਨ ਲਈ ਭਲਕੇ 5 ਸਤੰਬਰ ਨੂੰ ਅਧਿਆਪਕ ਦਿਵਸ ਦਾ ਦਿਨ ਚੁਣਿਆ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੰਪਿਊਟਰ ਸਾਇੰਸ ਅਧਿਆਪਕਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਾਵੇਂ ਵਿੱਦਿਅਕ ਅਦਾਰੇ ਬੰਦ ਹਨ ਪ੍ਰੰਤੂ ਅਧਿਆਪਕਾਂ ਨੇ ਵੱਖ-ਵੱਖ ਸਾਧਨਾਂ ਰਾਹੀਂ ਅਧਿਆਪਨ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਬਹੁਤ ਹੀ ਥੋੜੇ ਸਮੇਂ ਵਿੱਚ ਕੰਪਿਊਟਰ ਸਾਇੰਸ ਟੀਮ ਨੇ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਕੰਮ ਕਰਨ ਵਾਲੇ ਸਾਰੇ ਕੰਪਿਊਟਰ ਅਧਿਆਪਕਾਂ ਨੂੰ ਸ਼ਾਮਲ ਕਰਕੇ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਗਿਆ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਉੱਧਰ, ਇਸ ਰਿਕਾਰਡ ਲਈ ਕੰਪਿਊਟਰ ਸਾਇੰਸ ਟੀਮ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ, ਸਾਰੇ ਕੰਪਿਊਟਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…