ਆਕਸੀਮੀਟਰ ਮੁਹਿੰਮ ਨੂੰ ਲੈ ਕੇ ‘ਆਪ’ ਦਾ ਸਿਹਤ ਮੰਤਰੀ ਅਤੇ ਸਰਕਾਰ ’ਤੇ ਵੱਡਾ ਹਮਲਾ

ਕਰੋਨਾ ਖ਼ਿਲਾਫ਼ ਜੰਗ ਵਿੱਚ ਕੇਜਰੀਵਾਲ ਵਾਂਗ ਸਾਰਿਆਂ ਦਾ ਸਹਿਯੋਗ ਲਵੇ ਸਰਕਾਰ: ਜਰਨੈਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਆਪ’ ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ ਵਿੱਚ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਸੂਬੇ ਵਿੱਚ ਕਰੋਨਾ ਦੇ ਕਹਿਰ ਨੂੰ ਠੱਲ੍ਹ ਪਾਉਣ ਵਿੱਚ ਫੇਲ ਸਾਬਤ ਹੋ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਆਪ ਨੂੰ ਭੰਡਣ ’ਤੇ ਲੱਗੇ ਹੋਏ ਹਨ।
ਅੱਜ ਇੱਥੇ ਸ਼ਾਮ ਨੂੰ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ ‘ਆਪ’ ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਕਿਹਾ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਅਹਿਮ ਕੰਮ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਹਲੂਣਿਆਂ ਨੇ ‘ਫਾਰਮ ਹਾਊਸ’ ਵਿੱਚ ਸੁੱਤੀ ਪਈ ਸਰਕਾਰ ਦੀ ਨੀਂਦ ਤੋੜੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਜਬਦਸਤ ਹਲੂਣੇ ਦਿੱਤੇ ਜਾਣਗੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਕ ਪਾਸੇ ਹੁਕਮਰਾਨ ‘ਆਪ’ ਦੇ ਕਰੋਨਾ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਹੀ ਖ਼ਸਤਾ-ਹਾਲ ਸਰਕਾਰੀ ਸਿਹਤ ਸੇਵਾਵਾਂ ਦੀ ਕਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਇਸ ਦੀ ਉਦਾਹਰਣ ਪੇਸ਼ ਕਰਦਿਆਂ ਦੱਸਿਆ ਕਿ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਰਜਿੰਦਰਾ ਹਸਪਤਾਲ ’ਚੋਂ ਭੱਜ ਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੋਏ ਹਨ।
ਚੀਮਾ ਨੇ ਮੁੱਖ ਮੰਤਰੀ ਦੇ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ 7 ਸਤੰਬਰ ਤੱਕ ਦੇ 48 ਘੰਟਿਆਂ ਵਿੱਚ ਉੱਥੇ 55 ਫੀਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪ੍ਰੰਤੂ ਐਨੀ ਭਿਆਨਕ ਸਥਿਤੀ ਦੇ ਬਾਵਜੂਦ ਮੁੱਖ ਮੰਤਰੀ ਮੈਡੀਕਲ ਖੋਜ ਮੰਤਰੀ ਓਪੀ ਸੋਨੀ, ਸਿਹਤ ਮੰਤਰੀ ਬਲਬੀਰ ਸਿੱਧੂ ਕੁਝ ਨਹੀਂ ਬੋਲੇ, ਜਦਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।
ਦਿੱਲੀ ਵਿੱਚ ਕਰੋਨਾ ਵਿਰੁੱਧ ਜੰਗ ਵਿੱਚ ਆਕਸੀਮੀਟਰ ਦੇ ਯੋਗਦਾਨ ਦਾ ਹਵਾਲਾ ਦਿੰਦਿਆਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਆਕਸੀਜਨ ਜਾਂਚ ਦੀ ਜਾਗਰੂਕਤਾ ਨਾਲ ਸੈਂਕੜੇ ਜਾਨਾਂ ਬਚਣਗੀਆਂ। ਉਨ੍ਹਾਂ ਦੱਸਿਆ ਕਿ ਆਕਸੀਮੀਟਰ ਮੁਹਿੰਮ ਚਲਾਉਣ ਵਾਲੇ ਆਪ ਵਲੰਟੀਅਰ ‘ਆਕਸੀਮਿੱਤਰਾਂ’ ਨੂੰ ਸੁਰੱਖਿਆ ਉਪਾਅ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਮਾਸਕ ਪਹਿਨ ਕੇ ਆਕਸੀਜਨ ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਾਕਾਮੀ ਅਤੇ ਅਣਗਹਿਲੀ ਕਾਰਨ ਪੰਜਾਬ ਵਿੱਚ ਰੋਜ਼ਾਨਾ 50 ਤੋਂ ਲੈ ਕੇ 100 ਤੱਕ ਮੌਤਾਂ ਹੋ ਰਹੀਆਂ ਹਨ ਅਤੇ ਲਗਭਗ 2000 ਨਵੇਂ ਕੇਸ ਸਾਹਮਣੇ ਆ ਰਹੇ ਹਨ। ਖ਼ਤਰਨਾਕ ਸੰਕੇਤ ਇਹ ਹਨ ਕਿ ਕਰੋਨਾ ਨਾਲ ਮੌਤ ਦੀ ਕੌਮੀ ਅੌਸਤ ਦਰ ਸੁਧਰ ਕੇ 1.7 ਫੀਸਦੀ ਹੋ ਗਈ ਹੈ ਜਦੋਂਕਿ ਪੰਜਾਬ ਦੀ ਮੌਤ ਦਰ ਵਧ ਕੇ 4 ਫੀਸਦੀ ਤੱਕ ਪਹੁੰਚ ਗਈ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਰਾਜ ਲਾਲੀ ਗਿੱਲ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …