ਗਰੇਸ਼ੀਅਨ ਹਸਪਤਾਲ ਵੱਲੋਂ ਰਿਹਾਇਸ਼ੀ ਖੇਤਰ ਵੱਲ ਗੇਟ ਖੋਲ੍ਹਣ ਤੋਂ ਸੈਕਟਰ ਵਾਸੀ ਅੌਖੇ

ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੇ ਡੀਸੀ, ਗਮਾਡਾ ਦੇ ਸੀਏ ਨੂੰ ਪੱਤਰ ਲਿਖ ਕੇ ਗੇਟ ਬੰਦ ਕਰਵਾਉਣ ਦੀ ਮੰਗ

ਕਰੋਨਾ ਪੀੜਤ ਮਰੀਜ਼ਾਂ ਅਤੇ ਮ੍ਰਿਤਕ ਦੇਹਾਂ ਲਈ ਵਰਤਿਆ ਜਾਂਦਾ ਹੈ ਵਿਵਾਦਿਤ ਲਾਂਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਰੈਜ਼ੀਡੈਂਟਸ ਵੈਲਫੇਅਰ ਸਸਸਾਇਟੀ ਸੈਕਟਰ-69 (ਰਜ਼ਿ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸਥਾਨਕ ਗਰੇਸ਼ੀਅਨ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਰਿਹਾਇਸ਼ੀ ਘਰਾਂ ਵੱਲ ਕੱਢੇ ਗਏ ਗੇਟ ਰਾਹੀਂ ਮ੍ਰਿਤਕਾਂ ਅਤੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਬਣਾਏ ਰਸਤੇ ਨੂੰ ਬੰਦ ਕਰਵਾਉਣ ਅਤੇ ਹਸਪਤਾਲ ਨੂੰ ਸਿਰਫ਼ ਤਜਵੀਜਸ਼ੁਦਾ ਗੇਟ ਦੀ ਵਰਤੋਂ ਕਰਨ ਦੀ ਹਦਾਇਤ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੈਕਟਰ-69 ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਕਰਮ ਸਿੰਘ ਮਾਵੀ ਸਮੇਤ ਵਸਨੀਕਾਂ ਮੱਖਣ ਸਿੰਘ, ਏ.ਕੇ. ਸਿੰਘ, ਸੁਰਿੰਦਰ ਸਿੰਘ, ਹਰਬਿੰਦਰ ਸਿੰਘ, ਤਜਿੰਦਰ ਸਿੰਘ, ਪੂਰਨਿਮਾ ਸਿੰਘ, ਪਰਮਜੀਤ ਸਿੰਘ, ਵਾਲਮਿਕ ਸਿੰਘ, ਦਲਜੀਤ ਸਿੰਘ, ਕੇ.ਐਲ. ਵਰਮਾ, ਗੁਰਦੀਪ ਸਿੰਘ, ਕਿਰਪਾਲ ਸਿੰਘ, ਪੰਕਜ ਭਾਟੀਆ, ਪ੍ਰੀਤਪਾਲ ਸਿੰਘ, ਜਸਬੀਰ ਕੌਰ, ਮਾਨਕ ਸਿੰਘ, ਸ਼ਵੇਤਾ ਅਤੇ ਗੁਰਨਾਮ ਸਿੰਘ ਹੋਰਨਾਂ ਨੇ ਕਿਹਾ ਹੈ ਕਿ ਗਰੇਸ਼ੀਅਨ ਹਸਪਤਾਲ ਵੱਲੋਂ ਇਸ ਸੈਕਟਰ ਦੇ ਰਿਹਾਇਸ਼ੀ ਮਕਾਨਾਂ ਵੱਲ ਅਣ ਅਧਿਕਾਰਿਤ ਗੇਟ ਕੱਢ ਕੇ ਇਸ ਗੇਟ ਨੂੰ ਹਸਪਤਾਲ ਦੇ ਕਰੋਨਾ ਪਾਜ਼ੇਟਿਵ ਮਰੀਜਾਂ ਅਤੇ ਮ੍ਰਿਤਕਾਂ ਦੇ ਰਸਤੇ ਵਜੋਂ ਵਰਤਿਆ ਜਾਂਦਾ ਹੈ ਜੋ ਕਿ ਸੰਘਣੀ ਆਬਾਦੀ ਵਿੱਚ ਜਾ ਕੇ ਨਿਕਲਦਾ ਹੈ। ਉਹਨਾਂ ਕਿਹਾ ਕਿ ਇਸ ਗੇਟ ਤੋਂ ਆਉਣ-ਜਾਣ ਵਾਲੇ ਮਰੀਜਾਂ ਕਾਰਨ ਇਸ ਇਲਾਕੇ ਵਿੱਚ ਕੋਰੋਨਾ ਮਾਹਾਂਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਸ ਗੇਟ ਨੂੰ ਤੁਰੰਤ ਬੰਦ ਕਰਵਾਇਆ ਜਾਣਾ ਚਾਹੀਦਾ ਹੈ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਸ ਹਸਪਤਾਲ ਦੀਆਂ ਗਤੀਵਿਧੀਆਂ ਕਾਰਨ ਇੱਥੋਂ ਦੇ ਰਿਹਾਇਸ਼ੀ ਇਲਾਕੇ ਦੇ ਵਸਨੀਕ ਬਹੁਤ ਪ੍ਰੇਸ਼ਾਨ ਅਤੇ ਡਰ ਵਿੱਚ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵਸਨੀਕਾਂ ਨੂੰ ਨਾਲ ਲੈ ਕੇ ਹਸਪਤਾਲ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ ਹੈ ਪ੍ਰੰਤੂ ਉਹ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਹਸਪਤਾਲ ਵੱਲੋਂ ਪ੍ਰਮਾਣਿਤ ਨਕਸ਼ੇ ਵਿੱਚ ਇਹ ਗੇਟ ਸ਼ਾਮਲ ਨਹੀਂ ਹੈ ਜਿਸ ਕਾਰਨ ਹਸਪਤਾਲ ਦੀ ਇਹ ਕਾਰਵਾਈ ਗਮਾਡਾ ਦੇ ਨਿਯਮਾਂ ਦੀ ਵੀ ਉਲੰਘਣਾ ਹੈ ਅਤੇ ਜੇਕਰ ਹਸਪਤਾਲ ਵੱਲੋਂ ਇਹ ਗੇਟ ਬੰਦ ਨਾ ਕੀਤਾ ਗਿਆ ਤਾਂ ਉਹ ਇਸ ਵਿਰੁੱਧ ਅਦਾਲਤ ਵਿੱਚ ਕੇਸ ਕਰਨਗੇ। ਸ੍ਰੀ ਧਨੋਆ ਨੇ ਮੰਗ ਕੀਤੀ ਕਿ ਇਸ ਅਣ ਅਧਿਕਾਰਿਤ ਗੇਟ ਨੂੰ ਬੰਦ ਕਰਵਾਇਆ ਜਾਵੇ ਅਤੇ ਕਰੋਨਾ ਪਾਜ਼ੇਟੀਵ ਮਰੀਜ਼ਾਂ ਦੀ ਐਂਟਰੀ ਤਜਵੀਜਸ਼ੁਦਾ ਗੇਟ ਰਾਹੀਂ ਹੀ ਕਰਵਾਈ ਜਾਵੇ।
ਇਸ ਸਬੰਧੀ ਗਰੇਸ਼ੀਅਨ ਹਸਪਤਾਲ ਦੇ ਕਰਮਚਾਰੀ ਨੇ ਫਾਈਨਾਂਸ ਦਾ ਕੰਮ ਦੇਖ ਰਹੇ ਰਾਹੁਲ ਕੁਮਾਰ ਨਾਲ ਗੱਲ ਕਰਨ ਲਈ ਕਿਹਾ ਪਰੰਤੂ ਉਹਨਾਂ ਨੇ ਫੋਨ ਨਹੀਂ ਚੁੱਕਿਆ। ਹਸਪਤਾਲ ਦੇ ਚੀਫ਼ ਪ੍ਰਸ਼ਾਸਕੀ ਅਫ਼ਸਰ ਕਰਨਲ ਖੰਨਾ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੂੰ ਕਿਸੇ ਵਸਨੀਕ ਦੀ ਸ਼ਿਕਾਇਤ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਕਰੋਨਾ ਦੇ ਮਰੀਜ਼ਾਂ ਨੂੰ ਲਿਆਉਣ ਲਿਜਾਉਣ ਲਈ ਵੱਖਰਾ ਗੇਟ ਜ਼ਰੂਰੀ ਹੈ ਅਤੇ ਪਿੱਛਲਾ ਗੇਟ ਕਰੋਨਾ ਮਰੀਜ਼ਾਂ ਦੀ ਆਵਾਜਾਈ ਲਈ ਵਰਤਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…