Share on Facebook Share on Twitter Share on Google+ Share on Pinterest Share on Linkedin ਵਕੀਲ ਨੇ ਗਰੇਸ਼ੀਅਨ ਹਸਪਤਾਲ ਖ਼ਿਲਾਫ਼ ਮੁੱਖ ਮੰਤਰੀ, ਸਿਹਤ ਮੰਤਰੀ ਤੇ ਡੀਸੀ ਨੂੰ ਦਿੱਤੀ ਸ਼ਿਕਾਇਤ ਗਰੇਸ਼ੀਅਨ ਹਸਪਤਾਲ ਖ਼ਿਲਾਫ਼ ਲੱਗ ਰਹੇ ਦੋਸ਼ਾਂ ਦੀ ਉੱਚੀ ਪੱਧਰੀ ਜਾਂਚ ਕਰਵਾਈ ਜਾਵੇਗੀ: ਸਿੱਧੂ ਹਸਪਤਾਲ ਦੇ ਪ੍ਰਬੰਧਕਾਂ ਨੇ ਹੰਗਾਮਾ ਕਰਨ ਵਾਲੇ ਨੌਜਵਾਨ ਦੇ ਖ਼ਿਲਾਫ਼ ਪੁਲੀਸ ਨੂੰ ਦਿੱਤੀ ਸ਼ਿਕਾਇਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ: ਇੱਥੋਂ ਦੇ ਸੈਕਟਰ-69 ਸਥਿਤ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਪ੍ਰਤੀ ਲਗਾਤਾਰ ਕਥਿਤ ਤੌਰ ’ਤੇ ਲਾਪਰਵਾਹੀ ਦੋਸ਼ ਲੱਗ ਰਹੇ ਹਨ। ਮੁਹਾਲੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੂੰ ਗਲਤੀ ਨਾਲ ਮ੍ਰਿਤਕ ਐਲਾਨਣ ਅਤੇ ਕਰੋਨਾ ਪੀੜਤ ਮਰੀਜ਼ ਦੀ ਲਾਸ਼ ਬਦਲਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਅੱਜ ਜ਼ਿਲ੍ਹਾ ਮੁਹਾਲੀ ਅਦਾਲਤ ਦੇ ਵਕੀਲ ਰਣਜੀਤ ਸਿੰਘ ਰਾਏ ਵੱਲੋਂ ਵੀ ਹਸਪਤਾਲ ਦੇ ਪ੍ਰਬੰਧਾਂ ’ਤੇ ਵੱਡੇ ਸਵਾਲ ਚੁੱਕੇ ਹਨ। ਇਸ ਸਬੰਧੀ ਵਕੀਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵੱਸਟਐਪ ’ਤੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਆਪਣੇ ਜਵਾਬ ਵਿੱਚ ਖੂਬੀ ਰਾਮ ਨੇ ਸ਼ਿਕਾਇਤ ਕਰਤਾ ਨੂੰ ਸਿਹਤ ਮੰਤਰੀ ਨਾਲ ਗੱਲ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸ੍ਰੀ ਸਿੱਧੂ ਨੇ ਵੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਵਕੀਲ ਰਣਜੀਤ ਸਿੰਘ ਰਾਏ ਨੇ ਕਿਹਾ ਕਿ ਬੀਤੀ 1 ਸਤੰਬਰ ਨੂੰ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਤਿੰਨ ਸਤੰਬਰ ਨੂੰ ਇਲਾਜ ਲਈ ਉਹ ਗਰੇਸ਼ੀਅਨ ਹਸਪਤਾਲ ਵਿੱਚ ਆਇਆ ਸੀ ਪ੍ਰੰਤੂ ਸਟਾਫ਼ ਨੇ ਦਾਖ਼ਲ ਕਰਨ ਤੋਂ ਪਹਿਲਾਂ ਉਸ ਨੂੰ ਦੋ ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਬਾਅਦ ਵਿੱਚ ਇਕ ਬਿਲਡਰ ਅਤੇ ਸੀਨੀਅਰ ਜੱਜ ਦੇ ਨਿੱਜੀ ਦਖ਼ਲ ਦੇਣ ਨਾਲ ਉਸ ਨੂੰ ਇਕ ਲੱਖ ਰੁਪਏ ਲੈ ਕੇ ਦਾਖ਼ਲ ਕੀਤਾ ਗਿਆ। ਉਸ ਨੇ ਦੱਸਿਆ ਕਿ ਹਸਪਤਾਲ ਵਿੱਚ ਪ੍ਰਬੰਧ ਸਹੀ ਨਹੀਂ ਹਨ ਅਤੇ ਨਰਸਾਂ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੀਆਂ ਹਨ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਹੋਰ ਵੀ ਕਈ ਗੰਭੀਰ ਕਿਸਮ ਦੇ ਦੋਸ਼ ਲਗਾਏ ਹਨ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਰੇਸ਼ੀਅਨ ਹਸਪਤਾਲ ਵਿਰੁੱਧ ਲੱਗ ਰਹੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਪੈਸਿਆਂ ਦਾ ਲਾਲਚ ਛੱਡ ਕੇ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ। ਕਿਉਂਕਿ ਇਹ ਸਮਾਂ ਪੈਸੇ ਕਮਾਉਣ ਦਾ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਨ ਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲਾਂ ਅਤੇ ਸਕੂਲਾਂ ਨੂੰ ਸਰਕਾਰਾਂ ਵੱਲੋਂ ਸਸਤੇ ਭਾਅ ’ਤੇ ਜ਼ਮੀਨਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਲਿਹਾਜ਼ਾ ਇਨ੍ਹਾਂ ਅਦਾਰਿਆਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਕਟ ਸਮੇਂ ਮਰੀਜ਼ਾਂ ਅਤੇ ਮਾਪਿਆਂ ਦੀ ਛਿੱਲ ਨਾ ਲਾਹੁਣ। ਮੰਤਰੀ ਨੇ ਦੱਸਿਆ ਕਿ ਇਸ ਮੁੱਦੇ ’ਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਵੀ ਚੱਲ ਰਹੀ ਹੈ ਅਤੇ ਸਰਕਾਰ ਵੱਲੋਂ ਨਿਰਧਾਰਿਤ ਫੀਸਾਂ ਤੋਂ ਵੱਧ ਪੈਸੇ ਲੈਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਧਰ, ਗਰੇਸ਼ੀਅਨ ਹਸਪਤਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਐਨ.ਕੇ. ਖੰਨਾ ਅਤੇ ਅਕਾਊਂਟ ਅਫ਼ਸਰ ਰਾਹੁਲ ਮਾਰੀਆ ਨੇ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਲਈ ਸਾਰੇ ਪੁਖ਼ਤਾ ਪ੍ਰਬੰਧ ਹਨ ਪ੍ਰੰਤੂ ਕੁੱਝ ਮਰੀਜ਼ਾਂ ਦੇ ਰਿਸ਼ਤੇਦਾਰ ਬਿੱਲ ਦੇਣ ਤੋਂ ਟਾਲਾ ਵੱਟਦੇ ਹਨ। ਜਦੋਂ ਸਟਾਫ਼ ਵੱਲੋਂ ਉਨ੍ਹਾਂ ਨੂੰ ਪੈਸਿਆਂ ਦੀ ਅਦਾਇਗੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਹਸਪਤਾਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਉਤਰ ਆਉਂਦੇ ਹਨ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਆਈਸੋਲੇਸ਼ਨ ਵਾਰਡਾਂ ਵਿੱਚ ਮਰੀਜ਼ ਜਾਣ ਨੂੰ ਤਿਆਰ ਨਹੀਂ ਹਨ। ਜਿਸ ਕਾਰਨ ਜ਼ਿਆਦਾਤਰ ਮਰੀਜ਼ ਇੱਥੇ ਇਲਾਜ ਵੀ ਕਰਵਾ ਰਹੇ ਹਨ ਅਤੇ ਹਸਪਤਾਲ ਵਿਰੁੱਧ ਕੂੜ ਪ੍ਰਚਾਰ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹਸਪਤਾਲ ਦੇ ਬਾਹਰ ਹੰਗਾਮਾ ਕਰਨ ਵਾਲੇ ਲੱਕੀ ਨਾਂ ਦੇ ਵਿਅਕਤੀ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੱਕੀ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ। ਉਸ ਵੱਲ ਦੋ ਲੱਖ ਦੀ ਦੇਣਦਾਰੀ ਹੈ ਪ੍ਰੰਤੂ ਉਹ ਪੈਸੇ ਨਹੀਂ ਦੇ ਰਿਹਾ ਹੈ। ਉਲਟਾ ਬੇਵਜ੍ਹਾ ਹੰਗਾਮਾ ਕਰਕੇ ਹਸਪਤਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਮਰੀਜ਼ ਦੇ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਹਨ ਤਾਂ ਉਹ ਬਿੱਲ ਕਲੀਅਰ ਕਰਵਾ ਕੇ ਆਪਣੇ ਮਰੀਜ਼ ਨੂੰ ਛੁੱਟੀ ਕਰਵਾ ਕੇ ਇੱਥੋਂ ਲਿਜਾ ਸਕਦੇ ਹਨ। ਹਸਪਤਾਲ ਦੀ ਐਂਬੂਲੈਂਸ ਵੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ