ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਖਰੜ ਵਿੱਚ ਚੱਕਾ ਜਾਮ

ਜਾਮ ਦੌਰਾਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ, ਸੜਕਾਂ ’ਤੇ ਟਰਾਲੀਆਂ ਲਗਾ ਕੇ ਆਵਾਜਾਈ ਰੋਕੀ

ਮਲਕੀਤ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸਮੇਤ ਸਮੂਹ ਕਿਸਾਨ ਯੂਨੀਅਨਾਂ ਦੀ ਤਾਲਮੇਲ ਕਮੇਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਕਿਸਾਨਾਂ ਤੇ ਥੋਪੇ ਜਾ ਰਹੇ ਤਿੰਨ ਖੇਤੀ ਆਰਡੀਨੈਸਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਸੰਸਦ ਵਿੱਚ ਪਾਸ ਹੋਣ ਤੋਂ ਰੋਕਣ ਲਈ ਖਰੜ ਵਿਖੇ ਬੱਸ ਸਟੈਂਡ ਨੇੜੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਪ੍ਰਦਰਸ਼ਨ ਦੁਪਹਿਰ 2 ਵਜੇ ਤੱਕ ਜਾਰੀ ਰਿਹਾ।
ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਖਰੜ ਬੱਸ ਅੱਡੇ ਦੇ ਆਸ-ਪਾਸ ਆਪਣੀਆਂ ਟਰਾਲੀਆਂ ਲਗਾ ਕੇ ਬੱਸਾਂ ਦੀ ਆਵਾਯਾਈ ਨੂੰ ਰੋਕਿਆ ਅਤੇ ਖਰੜ ਤੋਂ ਚੰਡੀਗੜ੍ਹ-ਲਾਂਡਰਾ, ਕੁਰਾਲੀ-ਰੋਪੜ ਅਤੇ ਮੋਰਿੰਡਾ ਨੂੰ ਜਾਣ ਵਾਲੀਆਂ ਬੱਸਾਂ ਨੂੰ ਰੋਕ ਦਿੱਤਾ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਤਪਦੀ ਗਰਮੀ ਵਿੱਚ ਖੱਜਲ ਖੁਆਰ ਹੁੰਦੇ ਰਹੇ। ਇਸ ਦੌਰਾਨ ਆਪਣੇ ਕੰਮਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਉੱਥੇ ਖੇਤੀ ਆਰਡੀਨੈਸਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਇੱਥੇ ਆਉਣ ਵਾਲੇ ਵਾਹਨਾਂ ਨੂੰ ਬਦਲਵੇਂ ਰੂਟ ਤੋਂ ਜਾਣ ਲਈ ਕਿਹਾ ਗਿਆ ਤਾਂ ਜੋ ਉੱਥੇ ਭੀੜ ਇੱਕਠੀ ਨਾ ਹੋ ਸਕੇ। ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਇੱਥੇ ਵਾਹਨਾਂ ਦੀ ਆਵਾਜਾਈ ਬਹਾਲ ਕੀਤੀ ਗਈ।
ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਕੀਤੀ ਕਿ ਇਨ੍ਹਾਂ ਬਿੱਲਾਂ ਨੂੰ ਰੋਕਣ ਲਈ ਉਹ ਆਪਣੀ ਭਾਈਵਾਲ ਪਾਰਟੀ ਨੂੰ ਸਹਿਮਤ ਕਰੇ ਅਤੇ ਦੇਸ਼ ਦੀ ਕਿਸਾਨੀ ਅਤੇ ਅਰਥ ਵਿਵਸਥਾ ਨੂੰ ਬਚਾਉਣ ਲਈ ਹਰ ਹੀਲੇ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਦੇ ਨਾਲ ਨਾਲ ਪਾਰਟੀ ਦਾ ਭਵਿੱਖ ਵੀ ਧੁੰਦਲਾ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਪਾਰਲੀਮੇੱਟ ਮੈਂਬਰ ਵੱਲੋਂ ਬਿੱਲ ਦੇ ਹੱਕ ਵਿੱਚ ਵੋਟ ਪਾਈ ਗਈ ਜਾਂ ਇਨ੍ਹਾਂ ਬਿੱਲਾਂ ਦੇ ਵਿਰੋਧ ਤੋਂ ਬਚਣ ਲਈ ਗੈਰ ਹਾਜਿਰ ਰਿਹਾ ਗਿਆ ਤਾਂ ਉਸ ਮੈਂਬਰ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਖੇਤੀ ਆਰਡੀਨੈਸ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਬਰਬਾਦ ਕਰ ਦੇਣਗੇ ਕਿਉਂਕਿ ਕਿਸਾਨਾਂ ਦੀ ਆਮਦਨੀ ਘੱਟ ਹੋਣ ਦਾ ਸਿੱਧਾ ਅਸਰ ਆਮ ਲੋਕਾਂ ਦੀ ਆਮਦਨੀ ਤੇ ਵੀ ਪੈਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਲਾਭ ਲਈ ਇਨ੍ਹਾਂ ਆਰਡੀਨੈਸਾਂ ਰਾਹੀਂ ਕਾਰਪੋਰੇਟ ਘਰਾਣਿਆਂ ਹੱਥ ਖੇਤੀਬਾੜੀ ਦੀ ਕਮਾਨ ਸੌਂਪ ਰਹੀ ਹੈ, ਜਿਸ ਨਾਲ ਇਹ ਲੋਕ ਮਨਮਾਨੇ ਢੰਗ ਨਾਲ ਫਸਲਾਂ ਦੇ ਮੁਲ ਦਾ ਨਿਰਧਾਰਨ ਕਰ ਸਕਣਗੇ ਅਤੇ ਕਿਸਾਨਾਂ ਦੀ ਹਾਲਤ ਹੋਰ ਤਰਸਯੋਗ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਐਮਐਸਪੀ ਦੇ ਜਾਰੀ ਰਹਿਣ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹਨਾਂ ਸੂਬਿਆਂ ਵਿੱਚ ਇਹ ਕਾਨੂੰਨ ਪਹਿਲਾਂ ਲਾਗੂ ਕੀਤੇ ਗਏ ਹਨ ਉੱਥੇ ਐਮਐਸਪੀ ਲਾਗੂ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਆਪਣੀ ਫਸਲ ਦਾ ਲੋੜੀਂਦਾ ਮੁੱਲ ਨਹੀਂ ਮਿਲਦਾ ਅਤੇ ਕਿਸਾਨ ਆਪਣੀ ਫਸਲ ਅੱਧੀ ਤੋਂ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਹਨ।
ਇਸ ਰੋਸ ਧਰਨੇ ਵਿੱਚ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ ਅਤੇ ਰਵਿੰਦਰ ਸਿੰਘ ਦੇਹਕਲਾ, ਪ੍ਰੈਸ ਸਕੱਤਰ ਨੱਛਤਰ ਸਿੰਘ ਬੈਦਵਾਣ, ਮੀਤ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਬਹਾਦਰ ਸਿੰਘ ਨਿਆਮੀਆਂ, ਗਿਆਨ ਸਿੰਘ ਧੜਾਕ, ਮਨਪ੍ਰੀਤ ਸਿੰਘ ਖੇੜੀ, ਗੁਰਮੀਤ ਸਿੰਘ ਖੂਨੀਮਾਜਰਾ, ਬਲਵਿੰਦਰ ਸਿੰਘ ਰਸਨਹੇੜੀ, ਗੁਰਨਾਮ ਸਿੰਘ ਦਾਊਂ, ਕੁਲਦੀਪ ਸਿੰਘ ਕੁਰੜੀ, ਕਰਮ ਸਿੰਘ ਕਾਰਕੌਰ, ਰਾਜਬੀਰ ਸਿੰਘ ਨਗਲ, ਬਲਵਿੰਦਰ ਭਜੌਲੀ, ਅਜੈਬ ਸਿੰਘ ਘੜੂੰਆਂ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਖਰੜ ਮੰਡੀ, ਅੰਮ੍ਰਿਤਪਾਲ ਸਿੰਘ ਪ੍ਰਧਾਨ, ਅਮਨਦੀਪ ਸਿੰਘ ਗਰਗ, ਪ੍ਰਵੇਸ਼ ਬਾਂਸਲ, ਰਵਿੰਦਰਪਾਲ ਭੋਲਾ ਅਤੇ ਸਮੂਹ ਕਿਸਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…