Share on Facebook Share on Twitter Share on Google+ Share on Pinterest Share on Linkedin ਖੇਤੀ ਆਰਡੀਨੈਂਸ: ਸਟੂਡੈਂਟਸ ਆਰਗੇਨਾਈਜ਼ੇਸ਼ਨ ਤੇ ਮੂਸੇਵਾਲਾ ਫੈਨ ਕਲੱਬ ਦੇ ਮੈਂਬਰਾਂ ਵੱਲੋਂ ਪੈਦਲ ਮਾਰਚ ਪੰਜਾਬ ਰਾਜ ਭਵਨ ਵੱਲ ਜਾਂਦੇ ਨੌਜਵਾਨਾਂ ਦਾ ਪੁਲੀਸ ਨੇ ਰਾਹ ਡੱਕਿਆ, ਸੜਕ ’ਤੇ ਧਰਨਾ ਲਗਾ ਕੇ ਬੈਠੇ ਨੌਜਵਾਨ ਸ਼ਾਮ ਨੂੰ ਸਾਢੇ 5 ਵਜੇ ਯੂਟੀ ਦੇ ਕਾਰਜਕਾਰੀ ਮੈਜਿਸਟਰੇਟ ਦੇ ਭਰੋਸੇ ਮਗਰੋਂ ਨੌਜਵਾਨਾਂ ਨੇ ਧਰਨਾ ਚੁੱਕਿਆ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ: ਸਟੂਡੈਂਟਸ ਆਰਗੇਨਾਈਜ਼ੇਸ਼ਨ (ਸਾਥ) ਵੱਲੋਂ ਖੇਤੀ ਆਰਡੀਨੈਂਸ ਦੇ ਮੁੱਦੇ ’ਤੇ ਪੰਜਾਬ ਦੇ ਨੌਜਵਾਨਾਂ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਪੈਦਲ ਮਾਰਚ ਕੀਤਾ ਗਿਆ। ਜਿਸ ਵਿੱਚ ਗਾਇਕਾ ਅਫ਼ਸਾਨਾ ਖਾਨ, ਰੁਪਿੰਦਰ ਹਾਂਡਾ ਅਤੇ ਗਾਇਕ ਸਿੱਧੂ ਮੂਸੇਵਾਲਾ ਫੈਨ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਿਰਪਾਲ ਸਿੰਘ, ਕਰਮਜੀਤ ਸਿੰਘ, ਮਿਹਰ ਸਿੰਘ ਅਤੇ ਸੁਖਵੀਰ ਸਿੰਘ ਬਠਲਾਣਾ ਨੇ ਨੌਜਵਾਨ ਵਰਗ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਅੰਨਦਾਤਾ ਦੀ ਖ਼ੁਸ਼ਹਾਲੀ ਲਈ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਨੌਜਵਾਨਾਂ ਦੇ ਇਸ ਕਾਫ਼ਲੇ ਨੇ ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ) ਤੋਂ ਪੰਜਾਬ ਰਾਜ ਭਵਨ ਚੰਡੀਗੜ੍ਹ ਵੱਲ ਪੈਦਲ ਮਾਰਚ ਕੀਤਾ ਗਿਆ। ਅੱਜ ਸਵੇਰੇ 11 ਵਜੇ ਹੀ ਪੰਜਾਬ ਭਰ ’ਚੋਂ ਨੌਜਵਾਨ ਕਾਫ਼ਲਿਆਂ ਦੇ ਰੂਪ ਵਿੱਚ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 12 ਵਜੇ ਤੱਕ ਨੌਜਵਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਗਾਇਕਾ ਅਫ਼ਸਾਨਾ ਖਾਨ ਅਤੇ ਰੁਪਿੰਦਰ ਹਾਂਡਾ ਅਤੇ ਨੌਜਵਾਨ ਆਗੂਆਂ ਨੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਅਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨੌਜਵਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦਬਿਆ ਕਿਸਾਨ ਖ਼ੁਦਕੁਸ਼ੀਆਂ ਕਰਨ ਦੇ ਰਾਹ ਪਿਆ ਹੋਇਆ ਹੈ ਅਤੇ ਹੁਣ ਕੇਂਦਰ ਸਰਕਾਰ ਧੱਕੇਸ਼ਾਹੀ ਨਾਲ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਦੀ ਸੰਘੀ ਘੁੱਟਣ ’ਤੇ ਤੁਲੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਖੇਤੀ ਬਿੱਲ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਫਸਲਾਂ ਦਾ ਉਚਿੱਤ ਭਾਅ ਮਿਲਣਾ ਯਕੀਨੀ ਬਣਾਇਆ ਜਾਵੇ। ਬੁਲਾਰਿਆਂ ਨੇ ਨੌਜਵਾਨ ਕਿਸਾਨ ਏਕਤਾ ’ਤੇ ਵੀ ਜ਼ੋਰ ਦਿੱਤਾ। ਉਧਰ, ਸ਼ਾਮ ਨੂੰ ਕਰੀਬ ਪੌਣੇ 4 ਵਜੇ ਵਾਈਪੀਐਸ ਚੌਂਕ ਨੇੜੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਤੋਂ ਪਹਿਲਾਂ ਹੀ ਪੁਲੀਸ ਨੇ ਨੌਜਵਾਨਾਂ ਦਾ ਰਾਹ ਡੱਕ ਲਿਆ। ਜਿਸ ਕਾਰਨ ਨੌਜਵਾਨ ਉੱਥੇ ਹੀ ਸੜਕ ’ਤੇ ਲਗਾ ਕੇ ਬੈਠ ਗਏ। ਨੌਜਵਾਨਾਂ ਨੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਟੀ ਦੇ ਕਾਰਜਕਾਰੀ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਨੌਜਵਾਨਾਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਸੂਬੇ ਦੇ ਰਾਜਪਾਲ ਕੋਲ ਪਹੁੰਚਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮਗਰੋਂ ਸ਼ਾਮ ਨੂੰ 5: 25 ’ਤੇ ਨੌਜਵਾਨਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਇਸ ਰੋਸ ਮਾਰਚ ਵਿੱਚ ਸੂਬੇ ਦੇ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਵੀ ਆਪਣੇ ਸਮਰਥਕਾਂ ਨਾਲ ਸ਼ਮੂਲੀਅਤ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪ੍ਰੰਤੂ ਉਹ ਧਰਨੇ ਵਿੱਚ ਨਜ਼ਰ ਨਹੀਂ ਆਇਆ। ਜਦੋਂਕਿ ਮੂਸੇਵਾਲਾ ਦੇ ਆਉਣ ਦੀ ਸੂਚਨਾ ਦੇ ਮੱਦੇਨਜ਼ਰ ਮੁਹਾਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ ਅਤੇ ਨੌਜਵਾਨਾਂ ਦੀ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ