ਮੁਲਤਾਨੀ ਕੇਸ: ਮੁਹਾਲੀ ਪੁਲੀਸ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਲਗਾਤਾਰ 6 ਘੰਟੇ ਪੁੱਛਗਿੱਛ

ਸੁਮੇਧ ਸੈਣੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਿਆ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਸੀਨੀਅਰ ਆਈਏਐਸ ਅਫ਼ਸਰ ਦੇ ਸਪੁੱਤਰ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ ਆਪਣੇ ਵਕੀਲਾਂ ਨਾਲ ਮਟੌਰ ਥਾਣੇ ਵਿੱਚ ਪਹੁੰਚ ਗਏ। ਮਟੌਰ ਥਾਣੇ ਦੇ ਐਸਐਚਓ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੀਤੀ 26 ਸਤੰਬਰ ਨੂੰ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ। ਸਾਬਕਾ ਡੀਜੀਪੀ ਅੱਜ ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜੀ ਕੀਤੀ ਅਤੇ ਪੈਦਲ ਚੱਲ ਕੇ ਅੰਦਰ ਗਏ ਜਦੋਂਕਿ ਵਕੀਲ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਥਾਣੇ ਵਿੱਚ ਸਿੱਟ ਦੇ ਮੁਖੀ ਤੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਲਗਾਤਾਰ 6 ਘੰਟੇ ਪੁੱਛਗਿੱਛ ਕੀਤੀ। ਸੈਣੀ ਤੋਂ ਪੁੱਛਗਿੱਛ ਦੌਰਾਨ ਕੀ ਕੁੱਝ ਪੁੱਛਿਆ ਗਿਆ। ਇਸ ਬਾਰੇ ਪੁਲੀਸ ਦਾ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਥਾਣੇ ਵਿੱਚ ਸੈਣੀ ਕੋਲੋਂ ਛੇ ਘੰਟੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਜਾਉਣ ਅਤੇ ਬਾਅਦ ਵਿੱਚ ਉਸ ਨਾਲ ਕੀ ਭਾਣਾ ਵਾਪਰਿਆ ਆਦਿ ਵੱਖ-ਵੱਖ ਸਵਾਲ ਪੁੱਛੇ ਗਏ ਹਨ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਉਨ੍ਹਾਂ (ਸੈਣੀ) ’ਤੇ ਜਦੋਂ ਬੰਬ ਧਮਾਕਾ ਹੋਇਆ ਸੀ ਕੀ ਉਸ ਵਿੱਚ ਮੁਲਤਾਨੀ ਦਾ ਹੱਥ ਸੀ? ਹਾਈ ਕੋਰਟ ਦੇ ਹੁਕਮਾਂ ’ਤੇ ਸਾਬਕਾ ਡੀਪੀਜੀ ਖ਼ਿਲਾਫ਼ ਸੀਬੀਆਈ ਵੱਲੋਂ ਦਰਜ ਕੀਤੇ ਕੇਸ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ ਹੈ। ਇਸ ਕੇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਮੁਲਤਾਨੀ ਦੇ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਬਾਰੇ ਵੀ ਸਵਾਲ ਪੁੱਛੇ ਗਏ। ਸੂਤਰ ਦੱਸਦੇ ਹਨ ਕਿ ਸੈਣੀ ਨੇ ਪੁਲੀਸ ਦੇ ਕਿਸੇ ਵੀ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ।
ਚਿੱਟੇ ਰੰਗ ਦੇ ਪੈਂਟ ਕੋਟ ਵਿੱਚ ਮੂੰਹ ’ਤੇ ਰੁਮਾਲ ਬੰਨ੍ਹ ਕੇ ਆਏ ਸਾਬਕਾ ਡੀਜੀਪੀ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ। ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਕਵਰੇਜ਼ ਕਰਨ ਪਹੁੰਚੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਨੇ ਸੈਣੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਲੱਗੇ ਗੰਭੀਰ ਦੋਸ਼ਾਂ ਬਾਰੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸੈਣੀ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਹੱਥ ਹਿਲਾਉਂਦੇ ਹੋਏ ਥਾਣੇ ਵਿੱਚ ਦਾਖ਼ਲ ਹੋ ਗਏ। ਮੀਡੀਆ ਕਰਮੀ ਇਹ ਯੋਜਨਾ ਬਣਾ ਰਹੇ ਸੀ ਕਿ ਜਦੋਂ ਸੈਣੀ ਥਾਣੇ ਤੋਂ ਬਾਹਰ ਆਉਣਗੇ ਤਾਂ ਉਨ੍ਹਾਂ ਨਾਲ ਦੁਬਾਰਾ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪ੍ਰੰਤੂ ਸੈਣੀ ਨੇ ਸ਼ਾਮ ਨੂੰ 5 ਵਜੇ ਆਪਣੀ ਇਨੋਵਾ ਗੱਡੀ ਥਾਣੇ ਦੇ ਅੰਦਰ ਹੀ ਮੰਗਵਾ ਲਈ ਅਤੇ ਅੰਦਰੋਂ ਹੀ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਕਰਵਾਉਣ ਦੇ ਬਾਵਜੂਦ ਸਾਬਕਾ ਡੀਜੀਪੀ ਪੁਲੀਸ ਕੋਲ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਦੇ ਆ ਰਹੇ ਸੀ। ਜਦੋਂਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਸੀ।
ਮੁਹਾਲੀ ਪੁਲੀਸ ਨੇ ਬੀਤੀ 21 ਸਤੰਬਰ ਨੂੰ ਸੈਣੀ ਨੋਟਿਸ ਭੇਜ ਕੇ ਉਸ ਨੂੰ 23 ਸਤੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪ੍ਰੰਤੂ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ ਪ੍ਰੰਤੂ ਦੋ ਦਿਨਾਂ ਮਗਰੋਂ 25 ਸਤੰਬਰ ਨੂੰ ਚੁੱਪ ਚੁਪੀਤੇ ਉਹ ਅਚਾਨਕ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਪਹੁੰਚ ਗਏ ਅਤੇ ਸਿੱਟ ਦੇ ਮੁਖੀ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੀ ਗੁਹਾਰ ਲਗਾਈ ਲੇਕਿਨ ਜਾਂਚ ਅਧਿਕਾਰੀ ਨੇ ਕਾਨੂੰਨ ਤੋਂ ਬਾਹਰ ਜਾ ਕੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਇਸ ਮਗਰੋਂ ਸੈਣੀ ਨੇ ਐਸਐਸਪੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਉਹ ਸੈਣੀ ਨੂੰ ਨਹੀਂ ਮਿਲੇ। ਇਸ ਗੱਲ ਨੂੰ ਮੀਡੀਆ ਵੱਲੋਂ ਵੱਡੇ ਪੱਧਰ ’ਤੇ ਚੁੱਕੇ ਜਾਣ ਕਾਰਨ ਪੁਲੀਸ ਵੱਲੋਂ ਬੀਤੇ ਦਿਨੀਂ ਸੈਣੀ ਨੂੰ ਦੁਬਾਰਾ ਨੋਟਿਸ ਭੇਜ ਕੇ ਅੱਜ ਜਾਂਚ ਵਿੱਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…