ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਮੂੰਹ ’ਤੇ ਪੱਟੀ ਬੰਨ੍ਹ ਕੇ ਸ਼ਾਂਤਮਈ ਧਰਨਾ

ਲੁਧਿਆਣਾ ਵਿੱਚ ਭਾਜਪਾ ਦਫ਼ਤਰ ’ਤੇ ਹੋਏ ਹਮਲੇ ਅਤੇ ਭੰਨ-ਤੋੜ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਲੁਧਿਆਣਾ ਵਿੱਚ ਭਾਜਪਾ ਦਫ਼ਤਰ ’ਤੇ ਹੋਏ ਹਮਲੇ ਅਤੇ ਤੋੜ-ਭੰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਭਾਜਪਾ ਜ਼ਿਲ੍ਹਾ ਮੁਹਾਲੀ ਇਕਾਈ ਦੇ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-4 ਸਥਿਤ ਬੋਗਨਵਿਲੀਆ ਪਾਰਕ ਦੇ ਸਾਹਮਣੇ ਸੜਕ ਕਿਨਾਰੇ ਬੈਠ ਕੇ ਆਪਣੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਅਤੇ ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਾਕਾਮੀ ਅਤੇ ਘਪਲਿਆਂ ਨੂੰ ਲੁਕਾਉਣ ਲਈ ਹੋਛੀ ਹਰਕਤ ’ਤੇ ਉਤਰ ਆਈ ਹੈ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਲੁਧਿਆਣਾ ਵਿੱਚ ਭਾਜਪਾ ਦਫ਼ਤਰ ’ਤੇ ਹਮਲਾ ਕਰਵਾਇਆ ਗਿਆ ਹੈ। ਜਿਸ ਦੇ ਰੋਸ ਵਜੋਂ ਅੱਜ ਭਾਜਪਾ ਕਾਰਕੁਨਾਂ ਨੂੰ ਮਜਬੂਰ ਹੋ ਕੇ ਸੜਕਾਂ ’ਤੇ ਆਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਨਸਾਫ਼ ਪਸੰਦ ਪਾਰਟੀ ਹੈ। ਜਿਸ ਕਾਰਨ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ ਜਾਵੇ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਭਾਨੁ ਪ੍ਰਤਾਪ, ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਰਾਣਾ ਨੇ ਕਿਹਾ ਕਿ ਭਾਜਪਾ ਵੱਲੋਂ ਸਮੇਂ ਸਮੇਂ ’ਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਵਜ਼ੀਫ਼ਾ ਘਪਲੇ ਸਮੇਤ ਹੋਰ ਮੁੱਦਿਆਂ ਨੂੰ ਲੋਕਾਂ ਵਿੱਚ ਉਜਾਗਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੁਕਮਰਾਨ ਬੁਖਲਾ ਗਏ ਹਨ ਅਤੇ ਭਾੜੇ ਦੇ ਗੁੰਡਿਆਂ ਦੀ ਮਦਦ ਨਾਲ ਭਾਜਪਾ ਆਗੂਆਂ ਅਤੇ ਦਫ਼ਤਰਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਫੈਲ ਸਾਬਤ ਹੋਈ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਮੀਤ ਪ੍ਰਧਾਨ ਰਾਜੀਵ ਸ਼ਰਮਾ, ਭਾਜਪਾ ਮੰਡਲ-1 ਦੇ ਪ੍ਰਧਾਨ ਅਨਿਲ ਕੁਮਾਰ ਗੁੱਡੂ, ਮੰਡਲ-2 ਦੇ ਪ੍ਰਧਾਨ ਮਦਨ ਗੋਇਲ, ਜਾਵੇਦ ਅਸਲਮ, ਦਿਨੇਸ਼ ਕੁਮਾਰ, ਜਤਿੰਦਰ ਗੋਇਲ, ਸੁਨੀਲ ਕੁਮਾਰ, ਹੁਸ਼ਿਆਰ ਚੰਦ ਸਿੰਗਲਾ, ਉਮਾਕਾਂਤ ਤਿਵਾੜੀ, ਟੀਆਰ ਪੁਰੀ, ਸੋਹਨ ਸਿੰਘ, ਮਹਿਲਾ ਮੋਰਚਾ ਜ਼ਿਲ੍ਹਾ ਮੁਹਾਲੀ ਦੀ ਮੀਤ ਪ੍ਰਧਾਨ ਪਰਮਜੀਤ ਕੌਰ, ਸਕੱਤਰ ਕਿਰਨ ਗੁਪਤਾ, ਸ੍ਰੀਮਤੀ ਪ੍ਰਵੇਸ਼ ਸ਼ਰਮਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…