ਮਾਰਕੀਟ ਵਿੱਚ ਹੁੱਲੜਬਾਜ਼ੀ ਕਰਨ ਦੇ ਦੋਸ਼ ’ਚ 5 ਨੌਜਵਾਨ ਗ੍ਰਿਫ਼ਤਾਰ, ਜੇਲ੍ਹ ਭੇਜੇ

ਮਾਰਕੀਟ ਦੀ ਪਾਰਕਿੰਗ ਵਿੱਚ ਸਫ਼ਾਰੀ ਗੱਡੀ ਦੀ ਛੱਤ ’ਤੇ ਚੜ੍ਹ ਕੇ ਬੜ੍ਹਕਾਂ ਮਾਰ ਰਹੇ ਭੂਤਰੇ ਹੋਏ ਨੌਜਵਾਨ

ਪੁਲੀਸ ਵੱਲੋਂ ਰੋਕੇ ਜਾਣ ’ਤੇ ਹੌਲਦਾਰ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਹੱੁਲੜਬਾਜ਼ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੰਘੀ ਰਾਤ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿੱਚ ਪੰਜ ਨੌਜਵਾਨਾਂ ਹਰਪ੍ਰੀਤ ਸਿੰਘ, ਸਾਹਿਲ ਖਾਨ, ਗਗਨਦੀਪ ਸਿੰਘ, ਜੁੱਗਪ੍ਰੀਤ ਸਿੰਘ ਅਤੇ ਮੋਹਿਤ ਕੁਮਾਰ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਸੋਮਵਾਰ ਰਾਤ ਨੂੰ ਕੁੱਝ ਨੌਜਵਾਨ ਇਕ ਸਫ਼ਾਰੀ ਗੱਡੀ ਵਿੱਚ ਸਵਾਰ ਹੋ ਕੇ ਮਾਰਕੀਟ ਵਿੱਚ ਆਏ ਸੀ। ਇਸ ਦੌਰਾਨ ਇਕ ਨੌਜਵਾਨ ਕਾਰ ’ਤੇ ਬੋਨਟ ’ਤੇ ਬੈਠ ਗਿਆ ਜਦੋਂਕਿ ਦੋ ਨੌਜਵਾਨ ਕਾਰ ਦੀ ਛੱਤ ’ਤੇ ਚੜ੍ਹ ਕੇ ਬੜ੍ਹਕਾਂ ਮਾਰ ਕੇ ਹੁੱਲੜਬਾਜ਼ੀ ਕਰਨ ਲੱਗ ਪਏ। ਇਨ੍ਹਾਂ ਦੇ ਬਾਕੀ ਸਾਥੀ ਵੀ ਖਾਰੂ ਪਾਉਣ ਤੋਂ ਪਿੱਛੇ ਨਹੀਂ ਹਟੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਆਪਣੇ ਕੰਮਾਂ ਕਾਰਾਂ ਅਤੇ ਡਿਊਟੀ ਤੋਂ ਵਿਹਲੇ ਹੋ ਕੇ ਬਾਜ਼ਾਰ ਆਉਣ ਵਾਲੇ ਲੋਕ ਖਾਸ ਕਰਕੇ ਅੌਰਤਾਂ ਅਤੇ ਲੜਕੀਆਂ ਕਾਫੀ ਭੈਅ-ਭੀਤ ਹਨ।
ਉਧਰ, ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਇਹ ਮਾਮਲਾ ਡੀਐਸਪੀ (ਸਿਟੀ-) ਗੁਰਸ਼ੇਰ ਸਿੰਘ ਸੰਧੂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮਗਰੋਂ ਪੀਸੀਆਰ ਦੇ ਕਰਮਚਾਰੀ ਮਾਰਕੀਟ ਵਿੱਚ ਪਹੁੰਚ ਗਏ ਅਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਸਫ਼ਾਰੀ ਗੱਡੀ ਚਲਾ ਰਹੇ ਨੌਜਵਾਨ ਨੇ ਹੌਲਦਾਰ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਹੌਲਦਾਰ ਨੇ ਪਿੱਛੇ ਹਟ ਕੇ ਆਪਣੀ ਜਾਨ ਬਚਾਈ। ਇਸ ਮਗਰੋਂ ਪੁਲੀਸ ਨੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਥਾਣੇ ਲੈ ਗਏ। ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਦੇਰ ਰਾਤ ਮਟੌਰ ਥਾਣੇ ਵਿੱਚ ਧਾਰਾ 307, 279, 354 ਕੇਸ ਦਰਜ ਕੀਤਾ ਗਿਆ।
ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਾਮ ਵੇਲੇ ਪੁਲੀਸ ਦੀ ਇੱਕ ਪੈਟ੍ਰੋਲਿੰਗ ਟੀਮ ਵੱਲੋਂ ਫੇਜ਼-3ਬੀ2 ਦੀ ਮਾਰਕੀਟ ਵਿੱਚ ਟਾਟਾ ਸਫ਼ਾਰੀ ਗੱਡੀ ’ਤੇ ਹੁੱਲੜਬਾਜ਼ੀ ਕਰਨ ਅਤੇ ਲੜਕੀਆਂ ਨੂੰ ਗਲਤ ਕੁਮੈਂਟ ਕਰਨ ਵਾਲੇ ਨੌਜਵਾਨਾਂ ਨੂੰ ਰੋਕਿਆ ਗਿਆ ਸੀ ਪ੍ਰੰਤੂ ਹੱੁਲੜਬਾਜ਼ਾਂ ਨੇ ਹੌਲਦਾਰ ਜਸਪਾਲ ਸਿੰਘ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਗੱਡੀ ਭਜਾ ਲਈ ਲੇਕਿਨ ਪੁਲੀਸ ਨੇ ਕਾਰ ਵਿੱਚ ਸਵਾਰ 5 ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁੱਲੜਬਾਜ਼ਾਂ ਦੀ ਗੱਡੀ ਦੀ ਚਪੇਟ ਵਿੱਚ ਆਏ ਹੌਲਦਾਰ ਜਸਪਾਲ ਸਿੰਘ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਹੱੁਲੜਬਾਜ਼ੀ ਕਰਨ ਵਾਲੇ ਨੌਜਵਾਨ ਫਤਹਿਗੜ੍ਹ ਅਤੇ ਰੂਪਨਗਰ ਦੇ ਵਸਨੀਕ ਹਨ ਅਤੇ ਆਵਾਰਾ ਘੁੰਮ ਫਿਰ ਕੇ ਹੱੁਲੜਬਾਜ਼ੀ ਕਰਦੇ ਹਨ। ਕੁੱਝ ਦਿਨ ਪਹਿਲਾਂ ਨਸ਼ੇ ਵਿੱਚ ਟੱਲੀ ਲੜਕੀਆਂ ਨੇ ਵੀ ਖੜਦੂੰਗ ਮਚਾਇਆ ਸੀ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹਰਪ੍ਰੀਤ ਸਿੰਘ, ਸਾਹਿਲ ਖਾਨ, ਗਗਨਦੀਪ ਸਿੰਘ, ਜੁੱਗਪ੍ਰੀਤ ਸਿੰਘ ਅਤੇ ਮੋਹਿਤ ਕੁਮਾਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਨੌਜਵਾਨਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਜਦੋਂਕਿ ਬਾਕੀ ਨੌਜਵਾਨਾਂ ਨੂੰ ਸਖ਼ਤ ਤਾੜਨਾ ਕਰਕੇ ਛੱਡ ਕੇ ਦਿੱਤਾ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਪੁਲੀਸ ਗਸ਼ਤ ਵਧਾਈ ਜਾਵੇਗੀ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…