ਹੁੱਲੜਬਾਜ਼ੀ ਮਾਮਲਾ: ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ

ਮਾਰਕੀਟ ਵਿੱਚ ਦੋ ਬੀਟ ਬਾਕਸ ਲਗਾਏ ਜਾਣਗੇ, ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਇੱਥੋਂ ਦੇ ਫੇਜ਼-3ਬੀ2 ਦੀ ਮੁੱਖ ਮਾਰਕੀਟ ਵਿੱਚ ਹੁੱਲੜਬਾਜ਼ੀ ਦੀਆਂ ਘਟਨਾਵਾਂ ਅਤੇ ਦੁਕਾਨਦਾਰਾਂ ਨੂੰ ਦਰਪੇਸ਼ ਹੋਰ ਕਿਸਮ ਦੀਆਂ ਮੁਸ਼ਕਲਾਂ ਸਬੰਧੀ ਅੱਜ ਬਾਅਦ ਦੁਪਹਿਰ ਮੁਹਾਲੀ ਦੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਸਥਾਈ ਹੱਲ ਕਰਨ ਲਈ ਮੌਕੇ ’ਤੇ ਹੀ ਪੁਲੀਸ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਟਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਵੱਲੋਂ ਕਰਵਾਈ ਗਈ ਇਸ ਪੁਲੀਸ-ਪਬਲਿਕ ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਵਿਨੀਤ ਵਰਮਾ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਨਾਜਾਇਜ਼ ਰੇਹੜੀਆਂ-ਫੜੀਆਂ ਦਾ ਮਾਮਲਾ ਵੀ ਚੁੱਕਿਆ ਗਿਆ।
ਇਸ ਮੌਕੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮਾਰਕੀਟ ਲਈ ਦੋ ਬੀਟ ਬਾਕਸ ਤਿਆਰ ਕੀਤੇ ਗਏ ਹਨ, ਜੋ ਕਿ ਛੇਤੀ ਹੀ ਢੁਕਵੀਆਂ ਥਾਵਾਂ ’ਤੇ ਲਗਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇਗੀ ਅਤੇ ਮਾਰਕੀਟ ਦੀ ਪਾਰਕਿੰਗ ਵਿੱਚ ਬੇਤਰਤੀਬ ਵਾਹਨਾਂ ਖੜ੍ਹਾਉਣ ਵਾਲਿਆਂ ਦੇ ਟਰੈਫ਼ਿਕ ਚਲਾਨ ਕੀਤੇ ਜਾਣਗੇ ਅਤੇ ਕਾਰਾਂ ਅਤੇ ਹੋਰ ਵਾਹਨਾਂ ਉੱਤੇ ਸਵਾਰ ਹੋ ਕੇ ਸ਼ਰ੍ਹੇਆਮ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਆਵਾਰਾ ਗਰਦੀ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਿਲਾਵਰ ਸਿੰਘ, ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਅਮਰੀਕ ਸਿੰਘ ਸਾਜਨ ਸਮੇਤ ਹੋਰਨਾਂ ਦੁਕਾਨਦਾਰਾਂ ਨੇ ਡੀਐਸਪੀ ਨੂੰ ਦੱਸਿਆ ਕਿ ਮਾਰਕੀਟ ਵਿੱਚ ਸ਼ੋਅਰੂਮਾਂ ਦੇ ਪਿਛਲੇ ਪਾਸੇ ਰਾਤ ਸਮੇਂ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਖਾਰੂ ਪਾਉਂਦੇ ਹਨ ਅਤੇ ਜੇ ਕੋਈ ਦੁਕਾਨਦਾਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਕਰਦਾ ਹੈ ਤਾਂ ਹੁੱਲੜਬਾਜ਼ ਨੌਜਵਾਨ ਉਸ ਨਾਲ ਲੜਾਈ ਝਗੜਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਇਸ ’ਤੇ ਡੀਐਸਪੀ ਸੰਧੂ ਨੇ ਕਿਹਾ ਕਿ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਟੋਲੀਆਂ ਬੰਨ੍ਹ ਕੇ ਸ਼ੋਅਰੂਮਾਂ ਪਿੱਛੇ ਲੱਗਦੀਆਂ ਖਾਣ ਪੀਣ ਦੇ ਸਮਾਨ ਦੀਆਂ ਨਾਜਾਇਜ਼ ਰੇਹੜੀਆਂ-ਫੜੀਆਂ ਵਾਲਿਆਂ ਕੋਲ ਖੜ੍ਹ ਹੁੰਦੇ ਹਨ। ਇਸ ਸਬੰਧੀ ਪੁਲੀਸ ਵੱਲੋਂ ਨਗਰ ਨਿਗਮ ਤੋਂ ਲਾਇਸੈਂਸ ਹੋਲਡਰ ਰੇਹੜੀਆਂ-ਫੜੀਆਂ ਵਾਲਿਆਂ ਦੀ ਸੂਚੀ ਅਤੇ ਇਨ੍ਹਾਂ ਲਈ ਨਿਰਧਾਰਿਤ ਥਾਂ ਦੀ ਜਾਣਕਾਰੀ ਮੰਗੀ ਗਈ ਹੈ। ਡੀਐਸਪੀ ਨੇ ਭਰੋਸਾ ਦਿੱਤਾ ਕਿ ਸੂਚੀ ਮਿਲਣ ਤੋਂ ਬਾਅਦ ਨਾਜਾਇਜ਼ ਰੇਹੜੀਆਂ-ਫੜੀਆਂ ਨੂੰ ਹਟਾ ਦਿੱਤਾ ਜਾਵੇਗਾ।
ਮਾਰਕੀਟ ਵਿੱਚ ਮੰਗਤਿਆਂ ਦੀ ਵਧ ਰਹੀ ਗਿਣਤੀ ਬਾਰੇ ਉਨ੍ਹਾਂ ਕਿਹਾ ਕਿ ਮੰਗਤਿਆਂ ਨੂੰ ਭੀਖ ਮੰਗਣ ’ਤੇ ਰੋਕ ਸਬੰਧੀ ਕਾਨੂੰਨ ਤਹਿਤ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਅਕਤੂਬਰ ਤੱਕ ਮਾਰਕੀਟ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣਗੇ ਤਾਂ ਜੋ ਮਾੜੇ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ। ਇਸ ਮੌਕੇ ਜਸਪਾਲ ਸਿੰਘ ਦਿਉਲ, ਅਸ਼ੋਕ ਕੁਮਾਰ, ਵਰੁਣ ਸ਼ਰਮਾ, ਜਤਿੰਦਰਪਾਲ ਸਿੰਘ ਢੀਂਗਰਾ, ਸੁਸ਼ੀਲ ਵਰਮਾ, ਤਰਲੋਚਨ ਸਿੰਘ, ਨਵਦੀਪ ਗੋਇਲ, ਸਰਬਜੀਤ ਸਿੰਘ ਲਾਲ, ਨਰੇਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…