ਪੰਜਾਬ ਪੁਲੀਸ ਵੱਲੋਂ ਗੈਂਗਸਟਰ ਬਲਜੀਤ ਚੌਧਰੀ ਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ

ਮੁਹਾਲੀ ਸਮੇਤ ਟਰਾਈਸਿਟੀ ਵਿੱਚ ਬਲਜੀਤ ਚੌਧਰੀ ’ਤੇ ਦਰਜ ਹਨ 16 ਤੋਂ ਵੱਧ ਅਪਰਾਧਿਕ ਦੇ ਕੇਸ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਕਤੂਬਰ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਗੈਂਗਸਟਰ ਬਲਜੀਤ ਚੌਧਰੀ ਅਤੇ ਉਸ ਦੇ ਦੋ ਸਾਥੀਆਂ ਗੁਰਪ੍ਰੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਮਸਤਗੜ੍ਹ (ਮੁਹਾਲੀ) ਅਤੇ ਵਿਕਾਸ ਕੁਮਾਰ ਵਾਸੀ ਡੱਡੂਮਾਜਰਾ (ਯੂਟੀ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹ ਪੰਜਾਬ, ਯੂਟੀ ਅਤੇ ਹਰਿਆਣਾ ਪੁਲੀਸ ਨੂੰ ਲੋੜੀਂਦਾ ਸੀ ਅਤੇ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਧਾਰਾ 302, 307, 376, ਡਕੈਤੀ ਅਤੇ ਹੋਰ ਗੰਭੀਰ ਦੋਸ਼ਾਂ ਤਹਿਤ 16 ਅਪਰਾਧਿਕ ਮਾਮਲੇ ਦਰਜ ਹਨ। ਪਿਛਲੇ ਸਮੇਂ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਪੋਸੂ ਦਾ ਸਰਗਰਮ ਆਗੂ ਵੀ ਰਿਹਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਸਥਿਤ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਅਤੇ ਹਾਲ ਹੀ ਵਿੱਚ ਗੈਂਗਸਟਰ ਬਲਜੀਤ ਚੌਧਰੀ ਨੂੰ ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਇਲਾਕੇ ਵਿੱਚ ਘੁੰਮਦੇ ਫਿਰਦੇ ਦੇਖਿਆ ਗਿਆ ਸੀ।
ਏਆਈਜੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਕਾਊਂਟਰ ਇੰਟੈਲੀਜੈਂਸ ਵਿੰਗ ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਅਪਰੇਸ਼ਨ ਸੈੱਲ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਸ ਦੌਰਾਨ ਪੁਲੀਸ ਨੇ ਬਲਜੀਤ ਚੌਧਰੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਪੰਜਾਬ ਤੋਂ ਦਿੱਲੀ ਵੱਲ ਉਡਾਰੀ ਮਾਰਨ ਦੀ ਤਾਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਬਲਜੀਤ ਚੌਧਰੀ ਅਸਲਾ ਲੈਣ ਲਈ ਆਪਣੇ ਸਾਥੀਆਂ ਨੂੰ ਰਾਜਪੁਰਾ ਮਿਲਣ ਜਾ ਰਿਹਾ ਸੀ ਕਿ ਉਸ ਨੂੰ ਰਸਤੇ ’ਚੋਂ ਹੀ ਪੁਲੀਸ ਨੇ ਕਾਬੂ ਕਰ ਲਿਆ। ਬਾਅਦ ਵਿੱਚ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸ ਦੇ ਦੋਵੇਂ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਡੀਐਸਪੀ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਬਾਕੀ ਸਾਥੀਆਂ ਅਤੇ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਬਾਰੇ ਪੁੱਛਗਿੱਛ ਕਰਨੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈੱਸਟ ਕਰਵਾਇਆ ਗਿਆ। ਮੁਲਜ਼ਮਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਪੁਲੀਸ ਦੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਹੀ ਸਮੇਂ ਵਿੱਚ ਬਲਜੀਤ ਚੌਧਰੀ ਨੇ ਮੁਹਾਲੀ ਸਮੇਤ ਸਮੁੱਚੇ ਟਰਾਈ ਸਿਟੀ ਵਿੱਚ ਕਈ ਸੰਗੀਨ ਜੁਰਮ ਦੀਆਂ ਵਾਰਦਾਤਾਂ ੂ ਅੰਜਾਮ ਦਿੱਤਾ ਹੈ। ਜਿਨ੍ਹਾਂ ਵਿੱਚ ਪਿਛਲੇ ਦਿਨੀਂ ਖਰੜ ਵਿੱਚ ਪ੍ਰਸਿੱਧ ਸੀਏ ਅਰੁਣ ਸ਼ਰਮਾ ਦਾ ਸ਼ਰ੍ਹੇਆਮ ਬੜੀ ਬੇਰਹਿਮੀ ਨਾਲ ਕਤਲ ਦਾ ਮਾਮਲਾ ਵੀ ਸ਼ਾਮਲ ਹੈ। ਉਸ ’ਤੇ ਚੰਡੀਗੜ੍ਹ ਵਿੱਚ ਇਕ ਮਾਡਲ ਨਾਲ ਬਜਰ ਜਨਾਹ ਦਾ ਵੀ ਕੇਸ ਦਰਜ ਹੈ ਅਤੇ ਸਰਕਾਰੀ ਹਸਪਤਾਲ ਸੈਕਟਰ-32 ਨੇੜੇ ਗੋਲੀਆਂ ਚਲਾ ਕੇ ਇਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦਾ ਵੀ ਦੋਸ਼ ਹੈ। ਮ੍ਰਿਤਕ ਸੀਏ ਦੇ ਪੁੱਤਰ ਦੇਵਨ ਦੇ ਬਿਆਨਾਂ ’ਤੇ ਗੈਂਗਸਟਰ ਬਲਜੀਤ ਚੌਧਰੀ ਅਤੇ ਉਸਦੇ ਸਾਥੀ ਭਵਜੀਤ ਸਿੰਘ ਸੰਨੀ, ਆਕਾਸ਼ਦੀਪ ਪੰਨੂ, ਅਮਨ ਭਾਗੋਮਾਜਰਾ ਅਤੇ ਹਰਜਿੰਦਰ ਸਹੋਤਾ ਖ਼ਿਲਾਫ਼ ਖਰੜ ਸਿਟੀ ਥਾਣੇ ਵਿੱਚ ਪਰਚਾ ਦਰਜ ਹੈ। ਮੁਲਜ਼ਮ ਸੀਏ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਦੇ ਸਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…