ਖੇਤੀ ਆਰਡੀਨੈਂਸ: ਕਿਸਾਨਾਂ ਨੇ ਬੈਸਟੈੱਕ ਮਾਲ ਤੇ ਰਿਲਾਇੰਸ ਦੇ ਸ਼ੋਅਰੂਮ ਬੰਦ ਕਰਵਾਏ

ਪਿੰਡ ਰਾਏਪੁਰ ਕਲਾਂ ਨੇੜੇ 10ਵੇਂ ਦਿਨ ਵੀ ਰਿਲਾਇੰਸ ਪੈਟਰੋਲ ਪੰਪ ਦੀ ਘੇਰਾਬੰਦੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਕਿਸਾਨ ਵਿਰੋਧੀ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ’ਤੇ ਹਨ ਅਤੇ ਉੱਥੇ ਕੇਂਦਰ ਸਰਕਾਰ ਵੀ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਜਿਸ ਕਾਰਨ ਅੰਨਦਾਤਾ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਇੱਕਜੱੁਟ ਹੋ ਕੇ ਐਤਵਾਰ ਨੂੰ ਮੁਹਾਲੀ ਵਿੱਚ ਬੈਸਟੈੱਕ ਮਾਲ ਅਤੇ ਰਿਲਾਇੰਸ ਦੇ ਸ਼ੋਅਰੂਮ ਬੰਦ ਕਰਵਾ ਕੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਵਾਈ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਮੁਹਾਲੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੁਰੜੀ ਅਤੇ ਮੁੱਖ ਸਲਾਹਕਾਰ ਤੇ ਬੁਲਾਰੇ ਨਛੱਤਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਮੌਕੇ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਿੰਡਾਂ ਦੇ ਕਿਸਾਨ ਮੌਜੂਦ ਸਨ।
ਜਾਣਕਾਰੀ ਅਨੁਸਾਰ ਕਿਸਾਨਾਂ ਦਾ ਵੱਡਾ ਕਾਫ਼ਲਾ ਸਭ ਤੋਂ ਪਹਿਲਾਂ ਇੱਥੋਂ ਦੇ ਸੈਕਟਰ-66 ਸਥਿਤ ਬੈਸਟੈੱਕ ਮਾਲ ਦੇ ਬਾਹਰ ਪੁੱਜਿਆ ਅਤੇ ਬਲਾਕ ਪ੍ਰਧਾਨ ਸਮੇਤ ਕੁਝ ਹੋਰ ਮੋਹਰੀ ਕਿਸਾਨ ਆਗੂ ਮਾਲ ਦੇ ਅੰਦਰ ਗਏ ਅਤੇ ਸਟਾਫ਼ ਨੂੰ ਆਪਣਾ ਅਦਾਰਾ ਬੰਦ ਕਰਨ ਦੀ ਅਪੀਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਦੀ ਅਪੀਲ ’ਤੇ ਤੁਰੰਤ ਮਾਲ ਬੰਦ ਕਰ ਦਿੱਤਾ। ਇਸ ਮਗਰੋਂ ਕਿਸਾਨ ਫੇਜ਼-10 ਸਥਿਤ ਰਿਲਾਇੰਸ ਸ਼ੋਅਰੂਮ ’ਤੇ ਪੁੱਜੇ ਅਤੇ ਕੰਮ ਬੰਦ ਕਰਵਾਇਆ। ਉਪਰੰਤ ਕਿਸਾਨਾਂ ਦਾ ਕਾਫ਼ਲਾ ਸੈਕਟਰ-70 ਦੀ ਮਾਰਕੀਟ ਵਿੱਚ ਪੁੱਜਾ ਅਤੇ ਉੱਥੇ ਚੱਲਦੇ ਰਿਲਾਇੰਸ ਦਾ ਸ਼ੋਅਰੂਮ ਬੰਦ ਕਰਵਾਇਆ ਗਿਆ। ਇਨ੍ਹਾਂ ਥਾਵਾਂ ’ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤੇ। ਉਧਰ, ਇਲਾਕੇ ਦੇ ਕਿਸਾਨਾਂ ਨੇ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜੇ ਪਿੰਡ ਰਾਏਪੁਰ ਕਲਾਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰਕੇ ਅੱਜ 10ਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਹੈ। ਇਸੇ ਤਰ੍ਹਾਂ ਇਲਾਕੇ ਦੇ ਕਿਸਾਨ ਪਿੰਡ ਬਡਾਲਾ ਨੇੜੇ ਦਿਨ ਰਾਤ ਰੇਲ ਪਟੜੀ ਉੱਤੇ ਧਰਨ ’ਤੇ ਬੈਠੇ ਹਨ।
ਇਸ ਮੌਕੇ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੁਰੜੀ, ਮੁੱਖ ਸਲਾਹਕਾਰ ਨਛੱਤਰ ਸਿੰਘ ਬੈਦਵਾਨ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਾਣਕਪੁਰ ਕੱਲਰ, ਮੀਤ ਪ੍ਰਧਾਨ ਜਸਪਾਲ ਸਿੰਘ ਲਾਂਡਰਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਜਿਸ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਨਸਾਂ ਦਾ ਸਹੀ ਭਾਅ ਨਾ ਦੇ ਕੇ ਅੰਨਦਾਤੇ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਹੁਕਮਰਾਨ ਕਿਸਾਨਾਂ ਨੂੰ ਉਜਾੜਨ ’ਤੇ ਲੱਗੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਮੱੁਢੋਂ ਰੱਦ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…