Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਵਾਰਡਬੰਦੀ ਸਬੰਧੀ ਸ਼ਹਿਰੀ ਆਬਾਦੀ ਦੇ ਸਰਵੇ ਦਾ ਕੰਮ ਲਗਭਗ ਮੁਕੰਮਲ ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਸਬੰਧੀ 23 ਅਕਤੂਬਰ ਨੂੰ ਸੱਦੀ ਵਾਰਡਬੰਦੀ ਬੋਰਡ ਮੈਂਬਰਾਂ ਦੀ ਮੀਟਿੰਗ ਦਾਅਵੇ ਤੇ ਇਤਰਾਜ਼ਾਂ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਰੱਖਿਆ ਜਾਵੇਗਾ ਪ੍ਰਸਤਾਵਿਤ ਵਾਰਡਬੰਦੀ ਦਾ ਖਰੜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨਵੇਂ ਸਿਰਿਓਂ ਵਾਰਡਬੰਦੀ ਲਈ ਸ਼ਹਿਰੀ ਆਬਾਦੀ ਦੇ ਸਰਵੇ ਦਾ ਕੰਮ ਲਗਭਗ ਨੇਪਰੇ ਚੜ ਗਿਆ ਹੈ ਅਤੇ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਅਤੇ ਭਾਜਪਾ ਦੇ ਸਾਬਕਾ ਕੋਂਸਲਰਾਂ ਨੇ ਹੁਕਮਰਾਨਾਂ ’ਤੇ ਉਨ੍ਹਾਂ ਦੇ ਵਾਰਡਾਂ ਨਾਲ ਕਾਫੀ ਹੱਦ ਤੱਕ ਕਥਿਤ ਛੇੜਛਾੜ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਨਗਰ ਨਿਗਮ ਦੇ ਪ੍ਰਸਤਾਵਿਤ ਵਾਰਡਬੰਦੀ ਖਰੜੇ ’ਤੇ ਝਾਤ ਮਾਰਨ ਲਈ 23 ਅਕਤੂਬਰ ਨੂੰ ਵਾਰਡਬੰਦੀ ਬੋਰਡ ਦੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਵਾਰਡਬੰਦੀ ਦੇ ਖਰੜੇ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਬਾਅਦ ਵਾਰਡਬੰਦੀ ਦਾ ਖਰੜਾ ਦਾਅਵੇ ਅਤੇ ਇਤਰਾਜ਼ਾਂ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਲੋਕਾਂ ਦੇ ਦੇਖਣ ਲਈ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਵਾਰਡਬੰਦੀ ਸਬੰਧੀ ਸ਼ਹਿਰ ਦਾ ਸਰਵੇ ਕਰਨ ਲਈ ਕਰੀਬ 35 ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਵੱਲੋਂ ਘਰ-ਘਰ ਜਾ ਕੇ ਆਬਾਦੀ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਸਰਕਾਰ ਦੀਆਂ ਹਦਾਇਤਾਂ ’ਤੇ ਨਵੀਂ ਵਾਰਡਬੰਦੀ ਦਾ ਖਰੜਾ ਤਿਆਰ ਕਰਨ ਦਾ ਕੰਮ ਕਾਫ਼ੀ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਨਵੀਂ ਆਬਾਦੀ ਦੇ ਅੰਕੜਿਆਂ ਅਨੁਸਾਰ ਵਾਰਡਬੰਦੀ ਕੀਤੀ ਜਾ ਰਹੀ ਹੈ ਅਤੇ ਆਉਂਦੇ ਇੱਕ ਦੋ ਦਿਨਾਂ ਵਿੱਚ ਖਰੜਾ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ਜਿਸ ਨੂੰ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਹੈ। ਨਗਰ ਨਿਗਮ ਵੱਲੋਂ ਮੁਹਾਲੀ ਸ਼ਹਿਰੀ ਖੇਤਰ (ਪੁਰਾਣੇ ਵਾਰਡਾਂ) ਦੀ ਆਬਾਦੀ ਦੇ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਨਿਗਮ ਅਧੀਨ ਆਉਂਦੇ ਖੇਤਰ ਦੀ ਕੁਲ ਆਬਾਦੀ 179375 ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹੋਏ ਸਰਵੇ ਵਿੱਚ ਸ਼ਹਿਰ ਦੀ ਆਬਾਦੀ ਦਾ ਅੰਕੜਾ 1 ਲੱਖ 562 ਹਜ਼ਾਰ ਦੇ ਆਸਪਾਸ ਦੱਸਿਆ ਜਾ ਰਿਹਾ ਸੀ। ਪਿਛਲੀ ਵਾਰ ਹੋਈਆਂ ਚੋਣਾਂ ਦੌਰਾਨ ਇਕੱਤਰ ਕੀਤੇ ਗਏ ਆਬਾਦੀ ਦੇ ਅੰਕੜੇ (1 ਲੱਖ 64 ਹਜ਼ਾਰ) ਦੇ ਮੁਕਾਬਲੇ 12 ਹਜ਼ਾਰ ਘੱਟ ਦਰਜ ਕੀਤਾ ਗਿਆ ਸੀ। ਉਦੋਂ ਸਰਵੇ ਦੇ ਕੰਮ ਵਿੱਚ ਨਿਗਮ ਮੁਲਾਜ਼ਮਾਂ ਦੀ ਕਥਿਤ ਲਾਪਰਵਾਹੀ ਸਾਹਮਣੀ ਆਈ ਸੀ, ਕਿਉਂਕਿ ਸਰਵੇ ਵਿੱਚ ਵੱਡੀ ਗਿਣਤੀ ਘਰਾਂ ਨੂੰ ਬੰਦ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵੱਲੋਂ ਨਵੇਂ ਸਿਰਿਓਂ ਸਰਵੇ ਕਰਨ ਅਤੇ ਬੰਦ ਦਿਖਾਏ ਗਏ ਘਰਾਂ ਵਿੱਚ ਮੁੜ ਦਸਤਕ ਦੇਣ ਦੇ ਹੁਕਮ ਜਾਰੀ ਕੀਤੇ ਸਨ। ਇਸ ਤਰ੍ਹਾਂ ਹੁਣ ਨਵੇਂ ਸਿਰੇ ਤੋਂ ਕੀਤੇ ਗਏ ਇਸ ਸਰਵੇ ਦੌਰਾਨ ਸ਼ਹਿਰ ਦੀ ਆਬਾਦੀ ਦਾ ਅੰਕੜਾ 179301 ’ਤੇ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਰਵੇ ਤੋਂ 27 ਹਜ਼ਾਰ ਵੱਧ ਹੈ। (ਬਾਕਸ ਆਈਟਮ) ਉਧਰ, ਵਾਰਡਬੰਦੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਦੇ ਸਰਵੇ ਤੋਂ ਬਾਅਦ ਨਵੀਂ ਵਾਰਡਬੰਦੀ ਦਾ ਕੰਮ ਵੀ ਲਗਭਗ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ 23 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੁੱਢਲੀ ਚਰਚਾ ਉਪਰੰਤ ਨਵੇਂ ਸਿਰਿਓਂ ਕੀਤੀ ਜਾਣ ਵਾਲੀ ਵਾਰਡਬੰਦੀ ਦੇ ਪ੍ਰਸਤਾਵਿਤ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇਹ ਖਰੜਾ ਸ਼ਹਿਰ ਵਾਸੀਆਂ ਦੀ ਜਾਣਕਾਰੀ, ਦਾਅਵਿਆਂ ਅਤੇ ਇਤਰਾਜ਼ਾਂ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਵਾਰਡਬੰਦੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ