Share on Facebook Share on Twitter Share on Google+ Share on Pinterest Share on Linkedin ਪੁੱਡਾ ਦੇ ਪ੍ਰਮੁੱਖ ਸਕੱਤਰ ਨੇ 200 ਫੁੱਟ ਚੌੜੀ ਏਅਰਪੋਰਟ ਸੜਕ ਦੇ ਵਿਸਥਾਰ ਦਾ ਰੱਖਿਆ ਨੀਂਹ ਪੱਥਰ ਏਅਰਪੋਰਟ ਸੜਕ ਦੇ ਵਿਸਥਾਰ ਦਾ ਕੰਮ ਸਾਲ 2021 ਦੇ ਤੱਕ ਹੋਵੇਗਾ ਮੁਕੰਮਲ: ਪ੍ਰਮੁੱਖ ਸਕੱਤਰ 8.8 ਕਿੱਲੋਮੀਟਰ ਲੰਮੀ 8-ਲੇਨ ਸੜਕ ਦੇ ਨਿਰਮਾਣ ਵਿੱਚ 121 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ: ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਮੁਹਾਲੀ ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ 200 ਫੁੱਟ ਚੌੜੀ ਪੀਆਰ 7 ਸੜਕ ਦੇ ਵਿਸਥਾਰ ਦੇ ਕੰਮ ਦਾ ਨੀਂਹ ਪੱਥਰ ਅੱਜ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਨੇ ਰੱਖਿਆ ਗਿਆ। ਪਹਿਲਾਂ ਇਹ ਨੀਂਹ ਪੱਥਰ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਰੱਖਿਆ ਜਾਣਾ ਸੀ ਪਰ ਉਹ ਵਿਧਾਨ ਸਭਾ ਦੇ ਸੈਸ਼ਨ ਕਾਰਨ ਪਹੁੰਚ ਨਹੀਂ ਸਕੇ। ਉਨ੍ਹਾਂ ਕਿਹਾ ਕਿ ਸੜਕ ਦਾ ਵਿਸਥਾਰ ਸੈਕਟਰ-120/125 (ਐੱਨਐੱਚ-5) ਸੰਨੀ ਐਨਕਲੇਵ ਨੂੰ ਵੰਡਦੀ ਸੜਕ ਤੋਂ ਸ਼ੁਰੂ ਹੋ ਕੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਸੜਕ ਤੱਕ ਹੈ। ਸੜਕ ਦੇ ਨਿਰਮਾਣ ਦੇ ਕੰਮ ਲਈ 121 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਵਿੱਚ ਸਿਹਤ, ਸਿਵਲ ਅਤੇ ਇਲੈਕਟ੍ਰੀਕਲ ਸੇਵਾਵਾਂ ਦੀ ਵਿਵਸਥਾ ਸ਼ਾਮਲ ਹੈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸੜਕ ਉਸਾਰੀ ਦਾ ਕੰਮ ਅਗਲੇ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਸ 8.8 ਕਿੱਲੋਮੀਟਰ (8 ਮਾਰਗੀ) ਸੜਕ ਦੇ ਨਿਰਮਾਣ ਵਿੱਚ ਇੱਕ ਸੜਕ ਪੁਲੀ, ਇੱਕ ਉੱਚ ਪੱਧਰੀ ਪੁਲ, ਪਾਣੀ ਦੀ ਨਿਕਾਸ ਦਾ ਪ੍ਰਬੰਧ ਅਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਹੈ। ਪੀਆਰ 7 ਸੜਕ ਦੇ ਇਸ ਹਿੱਸੇ ਦੀ ਉਸਾਰੀ ਨਾਲ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਅਤੇ ਮੁਹਾਲੀ ਤੋਂ ਨਿਊ ਚੰਡੀਗੜ੍ਹ ਟਾਊਨ ਨੂੰ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ। ਇਸ ਨਾਲ ਚੰਡੀਗੜ੍ਹ ਵਿੱਚ ਆਵਾਜਾਈ ਵੀ ਘਟੇਗੀ ਕਿਉਂਕਿ ਨਿਊ ਚੰਡੀਗੜ੍ਹ ਨੂੰ ਜਾਣ ਵਾਲੇ ਯਾਤਰੀ ਹਵਾਈ ਅੱਡੇ ਤੋਂ ਇਸ ਨਵੀਂ ਸੜਕ ਰਾਹੀਂ ਜਾ ਸਕਣਗੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਲੋੜ ਵੀ ਨਹੀਂ ਪਵੇਗੀ। ਅਧਿਕਾਰੀ ਨੇ ਦੱਸਿਆ ਕਿ ਸੜਕ ਦੇ ਵਿਸਥਾਰ ਨਾਲ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿਚਲੀ ਦੂਰੀ ਵੀ ਘਟੇਗੀ ਅਤੇ ਦੋਵਾਂ ਟਾਊਨਜ਼ ਵੱਲ ਆਉਣ-ਜਾਣ ਲਈ 15 ਤੋਂ 20 ਮਿੰਟ ਦੀ ਬੱਚਤ ਹੋਣ ਦੀ ਆਸ ਹੈ। ਇਸ ਸੜਕ ਦੇ ਨਿਰਮਾਣ ਨਾਲ ਅੰਬਾਲਾ ਅਤੇ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਬਿਨਾਂ ਹੀ ਰੂਪਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਕਸਬੇ ਤੱਕ ਸਿੱਧਾ ਰਸਤਾ ਮਿਲ ਜਾਵੇਗਾ ਅਤੇ ਇਹ ਯਾਤਰੀ ਜ਼ੀਰਕਪੁਰ ਤੋਂ ਇਨ੍ਹਾਂ ਥਾਵਾਂ ਤੱਕ ਸਿੱਧੀ ਸੜਕ ਰਾਹੀਂ ਪਹੁੰਚ ਸਕਣਗੇ। ਇਹ ਸੜਕ ਪਿੰਡ ਸੈਣੀ ਮਾਜਰਾ, ਠਸਕਾ, ਹਸਨਪੁਰ ਅਤੇ ਪਲਹੇੜੀ ਤੋਂ ਹੋ ਕੇ ਲੰਘੇਗੀ। ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ। ਇਸ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਅਗਰਵਾਲ, ਮੁੱਖ ਇੰਜੀਨੀਅਰ ਦਵਿੰਦਰ ਸਿੰਘ, ਐਸਡੀਓ ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ