ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ

ਸਕੂਲ ਮੁਖੀ ਵੱਲੋਂ ਵਿਦਿਆਰਥੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ

ਸੀਸੀਟੀਵੀ ਕੈਮਰੇ ਤੇ ਕਲਾਸ ਰੂਮਾਂ ਵਿੱਚ ਪ੍ਰਾਜੈਕਟਰ ਸਮੇਤ ਹੁਣ ਸੁਰੱਖਿਆ ਪੱਖੋਂ ਸੀਸੀਟੀਵੀ ਕੈਮਰੇ ਵੀ ਲਾਏ: ਸਰਪੰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਗਾਤਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਆਪਕਾਂ ਅਤੇ ਪੰਚਾਇਤਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਵੀ ਚੁੱਕੇ ਹਨ। ਸਰਕਾਰੀ ਸਕੂਲਾਂ ਦੇ ਅੰਦਰ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਸਭ ਕੁਝ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਅਧਿਆਪਕਾਂ ਦੀ ਦਿਨ-ਰਾਤ ਮਿਹਨਤ ਦੇ ਨਾਲ ਹੀ ਸੰਭਵ ਹੋ ਸਕਿਆ ਹੈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਮੁਹਾਲੀ) ਦਾ ਇੱਕ ਅਜਿਹਾ ਸਕੂਲ ਹੈ, ਜਿੱਥੇ ਬੱਚਿਆਂ ਦੀ ਗਿਣਤੀ ਵਿੱਚ ਵੀ ਹਰ ਸਾਲ ਵਾਧਾ ਹੋ ਰਿਹਾ ਹੈ ਅਤੇ ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਸੂਬੇ ਦੇ ਉੱਚ ਕੋਟੀ ਦੇ ਸਕੂਲਾਂ ਵਿੱਚ ਸ਼ਾਮਲ ਹੋ ਰਿਹਾ ਹੈ। ਸਕੂਲ ਦੀ ਬਿਲਡਿੰਗ ਤੋਂ ਲੈ ਕੇ ਸਕੂਲ ਦੇ ਅੰਦਰ ਮਿਲਣ ਵਾਲੀਆਂ ਸਮੂਹ ਸੁਵਿਧਾਵਾਂ ਦੇ ਨਾਲ ਜਿੱਥੇ ਬੱਚਿਆਂ ਦੇ ਮਾਪੇ ਖ਼ੁਸ਼ ਹਨ, ਉੱਥੇ ਹੀ ਅਧਿਆਪਕਾਂ ਨੂੰ ਵੀ ਇਸ ਸਕੂਲ ਦੇ ਅੰਦਰ ਪੂਰਨ ਸਕੂਨ ਪ੍ਰਾਪਤ ਹੋ ਰਿਹਾ ਹੈ ਅਤੇ ਲਗਾਤਾਰ ਵੱਧ ਰਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਦੀ ਗਿਣਤੀ ਨੇ ਅਧਿਆਪਕਾਂ ਦੇ ਹੌਸਲੇ ਵੀ ਬੁਲੰਦ ਕੀਤੇ ਹਨ।
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਆਈ ਗਰਾਂਟ ਰਾਹੀ ਪਿੰਡ ਮਨੌਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸੀਸੀਟੀਵੀ ਕੈਮਰੇ ਅਤੇ ਕਲਾਸ ਰੂਮ ਵਿੱਚ ਪ੍ਰੋਜੈਕਟਰ ਲਗਵਾਏ ਗਏ। ਜਿਸ ਨਾਲ ਸਕੂਲ ਦੀ ਸੁਰੱਖਿਆ ਵਿੱਚ ਹੋਰ ਵੀ ਵਾਧਾ ਹੋਵੇਗਾ। ਸੈਂਟਰ ਹੈੱਡ ਟੀਚਰ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਦੀ ਮੁੱਖ ਅਧਿਆਪਕਾ ਰਮਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ ਬੈਦਵਾਨ ਦੀ ਅਗਵਾਈ ਵਾਲੀ ਪੰਚਾਇਤ ਦੇ ਯਤਨਾਂ ਸਦਕਾ ਬਣਾਏ ਗਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਨੂੰ ਸਾਰੀਆਂ ਸੁਵਿਧਾਵਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ, ਪ੍ਰੋਜੈਕਟਰ ਸਿਸਟਮ, ਆਰਓ ਵਾਟਰ ਸਿਸਟਮ, ਇੰਨਵੇਟਰ, ਲਾਇਬ੍ਰੇਰੀ, ਮਿਡ-ਡੇਅ-ਮੀਲ ਲਈ ਵੱਡੀ ਰਸੋਈ, ਬੱਚਿਆਂ ਲਈ ਸੁੰਦਰ ਝੁੱਲੇ, ਐਲਸੀਡੀ ਸਕਰੀਨਾਂ ਰਾਹੀਂ ਪੜਾਈ, ਵਾਈਫਾਈ ਸਿਸਟਮ, ਹਾਈ ਕੁਆਲੀਫਾਈਡ ਸਟਾਫ਼ ਸਮੇਤ ਹੋਰ ਵੀ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤੇ ਹੋਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਕੋਲੋਂ ਕੋਈ ਦਾਖਲਾ ਫ਼ੀਸ ਨਹੀਂ ਲਈ ਜਾਂਦੀ, ਨਾ ਹੀ ਮਹੀਨੇਵਾਰ ਫ਼ੀਸ ਅਤੇ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਵਰਦੀ, ਮੁਫ਼ਤ ਕਿਤਾਬਾਂ, ਮੁਫ਼ਤ ਭੋਜਨ ਆਦਿ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਰਮਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ, ਸਮਾਰਟ ਸਕੂਲ ਬਣਨ ਤੋਂ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਕੁੱਲ ਗਿਣਤੀ 153 ਸੀ ਅਤੇ ਹੁਣ ਜਦੋਂ ਤੋਂ ਸਕੂਲ ਸਮਾਰਟ ਬਣ ਗਿਆ ਹੈ, ਉਸ ਤੋਂ ਬਾਅਦ ਬੱਚਿਆਂ ਦੀ ਗਿਣਤੀ ਵੱਧ ਕੇ 325 ਤੋਂ ਪਾਰ ਹੋ ਗਈ ਹੈ। ਰਮਿੰਦਰ ਕੌਰ ਨੇ ਕਿਹਾ ਕਿ ਅਜੇ ਵੀ ਬੱਚਿਆਂ ਦਾ ਦਾਖ਼ਲਾ ਜਾਰੀ ਹੈ।
ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ ਬੈਦਵਾਨ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਪੰਜਾਬ ਸਰਕਾਰ ਹਮੇਸ਼ਾ ਵਚਨਬੱਧ ਰਹੀ ਹੈ ਅਤੇ ਲਗਾਤਾਰ ਸਿੱਖਿਆ ਵਿੱਚ ਸੁਧਾਰ ਕਰਨ ਵਾਸਤੇ ਸਰਕਾਰ ਨਵੀਆਂ ਨਵੀਆਂ ਤਕਨੀਕ ਲਿਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਜੋ ਗਰਾਂਟ ਜਾਰੀ ਕੀਤੀ ਗਈ ਸੀ, ਉਸ ਦੇ ਤਹਿਤ ਸਕੂਲ ਦੇ ਵਿੱਚ ਸੀਸੀਟਵੀ ਕੈਮਰੇ ਅਤੇ ਹੋਰ ਸੁਵਿਧਾਵਾਂ ਦੇ ਨਾਲ ਲੈਸ ਸਕੂਲ ਨੂੰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਫ਼ੈਸਲਾ ਕੀਤਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੇਫ਼ਟੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਤੋਂ ਇਲਾਵਾ ਸਕੂਲ ਦੇ ਅੰਦਰ ਪ੍ਰਾਜੈਕਟਰ ਸਿਸਟਮ, ਆਰਓ ਵਾਟਰ ਸਿਸਟਮ, ਇੰਨਵੇਟਰ, ਲਾਇਬ੍ਰੇਰੀ, ਮਿਡ-ਡੇਅ-ਮੀਲ ਲਈ ਵੱਡੀ ਰਸੋਈ, ਬੱਚਿਆਂ ਲਈ ਸੁੰਦਰ ਝੁੱਲੇ, ਐਲਸੀਡੀ ਸਕਰੀਨਾਂ ਰਾਹੀਂ ਪੜਾਈ, ਵਾਈ.ਫਾਈ ਸਿਸਟਮ ਬੱਚਿਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ। ਇਸ ਮੌਕੇ ਗਰਾਮ ਪੰਚਾਇਤ ਮਨੌਲੀ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਤਹਿ ਦਿੱਲੋਂ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…