ਮੁਲਤਾਨੀ ਕੇਸ: ਮਟੌਰ ਥਾਣੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਕੀਤੀ ਢਾਈ ਘੰਟੇ ਪੁੱਛਗਿੱਛ

ਸਿੱਟ ਦੇ ਮੈਂਬਰਾਂ ਨੇ ਸੈਣੀ ਤੋਂ ਲਗਭਗ 100 ਸਵਾਲ ਪੁੱਛੇ, ਨਹੀਂ ਦਿੱਤਾ ਤਸੱਲੀਬਖ਼ਸ਼ ਜਵਾਬ

ਸਾਬਕਾ ਡੀਜੀਪੀ ਸੁਮੇਧ ਸੈਣੀ ਵਕੀਲਾਂ ਤੇ ਸੁਰੱਖਿਆ ਅਮਲੇ ਨਾਲ ਜਾਂਚ ਵਿੱਚ ਸ਼ਾਮਲ ਹੋਣ ਲਈ ਥਾਣੇ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਪੰਜਾਬ ਦੇ ਸਾਬਕਾ ਸੀਨੀਅਰ ਆਈਏਐਸ ਅਧਿਕਾਰੀ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਲਗਭਗ 29 ਸਾਲ ਪਹਿਲਾਂ ਅਗਵਾ ਕਰਨ ਉਪਰੰਤ ਕਥਿਤ ਤੌਰ ’ਤੇ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਮਟੌਰ ਥਾਣੇ ਵਿੱਚ ਪਹੁੰਚੇ। ਪਿਛਲੇ ਦਿਨੀਂ ਮਟੌਰ ਥਾਣੇ ਦੇ ਐਸਐਚਓ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਸਾਬਕਾ ਡੀਜੀਪੀ ਅੱਜ ਆਪਣੇ ਵਕੀਲ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11.11 ਵਜੇ ਮਟੌਰ ਥਾਣੇ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜੀ ਕੀਤੀ ਅਤੇ ਪੈਦਲ ਚੱਲ ਕੇ ਅੰਦਰ ਗਏ ਅਤੇ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕੁਰਸੀ ’ਤੇ ਬੈਠ ਗਏ। ਥਾਣੇ ਦੇ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਸੈਣੀ ਰੋਅਬ ਝਾੜਦੇ ਵੀ ਨਜ਼ਰ ਆਏ। ਉਸ ਦੇ ਵਕੀਲ ਨੂੰ ਥਾਣਾ ਮੁਖੀ ਦੇ ਦਫ਼ਤਰ ਵਿੱਚ ਨਹੀਂ ਜਾਣ ਦਿੱਤਾ ਸਗੋਂ ਉਸ ਨੂੰ ਨਾਲ ਵਾਲੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ। ਸੈਣੀ ਦੇ ਸੁਰੱਖਿਆ ਕਰਮਚਾਰੀ ਵੀ ਥਾਣੇ ਦੇ ਬਾਹਰ ਹੀ ਖੜੇ ਸਨ।
ਮੁਹਾਲੀ ਦੇ ਐਸਪੀ (ਡੀ) ਅਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਲਗਾਤਾਰ ਢਾਈ ਘੰਟੇ ਪੁੱਛਗਿੱਛ ਕੀਤੀ। ਸੈਣੀ ਤੋਂ ਕੀ ਕੁੱਝ ਪੁੱਛਿਆ ਗਿਆ। ਇਸ ਬਾਰੇ ਪੁਲੀਸ ਦਾ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਥਾਣੇ ਵਿੱਚ ਸੈਣੀ ਕੋਲੋਂ ਢਾਈ ਘੰਟੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਜਾਉਣ ਅਤੇ ਬਾਅਦ ਵਿੱਚ ਉਸ ਨੂੰ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਸਮੇਤ ਹੋਰ ਵੱਖ-ਵੱਖ ਪਹਿਲੂਆਂ ’ਤੇ ਲਗਭਗ 100 ਸਵਾਲ ਪੁੱਛੇ ਗਏ ਹਨ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਉਨ੍ਹਾਂ (ਸੈਣੀ) ’ਤੇ ਜਦੋਂ ਬੰਬ ਧਮਾਕਾ ਹੋਇਆ ਸੀ ਕੀ ਉਸ ਵਿੱਚ ਮੁਲਤਾਨੀ ਦਾ ਹੱਥ ਸੀ? ਹਾਈ ਕੋਰਟ ਦੇ ਹੁਕਮਾਂ ’ਤੇ ਸਾਬਕਾ ਡੀਪੀਜੀ ਖ਼ਿਲਾਫ਼ ਸੀਬੀਆਈ ਵੱਲੋਂ ਦਰਜ ਕੀਤੇ ਕੇਸ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ ਹੈ। ਚੇਤੇ ਰਹੇ ਇਸ ਕੇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਮੁਲਤਾਨੀ ਦੇ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਅਤੇ ਉਸ ਨੂੰ ਲੱਭਣ ਬਾਰੇ ਕੀ ਯਤਨ ਕੀਤੇ ਗਏ ਆਦਿ ਸਵਾਲ ਵੀ ਪੁੱਛੇ ਗਏ। ਸੂਤਰ ਦੱਸਦੇ ਹਨ ਕਿ ਸੈਣੀ ਨੇ ਪੁਲੀਸ ਦੇ ਕਿਸੇ ਵੀ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕਰਨ ਦੀ ਹਿੰਮਤ ਦਿਖਾਈ। ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਬਕਾ ਡੀਜੀਪੀ ਨੇ ਕਿਸੇ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਹੈ ਬਲਕਿ ਗੋਲ ਮੋਲ ਜਵਾਬ ਦਿੰਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਮੁਹਾਲੀ ਪੁਲੀਸ ਵੱਲੋਂ ਉਸ ਨੂੰ ਚਾਰ ਵਾਰ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ ਪ੍ਰੰਤੂ ਹੁਣ ਤੱਕ ਉਹ ਸਿਰਫ਼ ਦੋ ਵਾਰ ਹੀ ਥਾਣੇ ਪਹੁੰਚੇ ਹਨ। ਇਕ ਵਾਰ ਉਹ ਸਿੱਧਾ ਅਦਾਲਤ ਵਿੱਚ ਪੇਸ਼ੀ ਭੁਗਤੀ ਸਿੱਟ ਮੁਖੀ ਦੇ ਦਫ਼ਤਰ ਪਹੁੰਚ ਗਏ ਅਤੇ ਪਿਛਲੀ ਵਾਰ ਉਸ ਨੇ ਮੈਡੀਕਲ ਭੇਜ ਕੇ ਲੱਤ ਵਿੱਚ ਦਰਦ ਹੋਣ ਦੀ ਦੁਹਾਈ ਦਿੰਦਿਆਂ ਥਾਣੇ ਆਉਣ ਤੋਂ ਮਨਾ ਕਰ ਦਿੱਤਾ ਸੀ। ਉਧਰ, ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਪੁੱਛਗਿੱਛ ਤੋਂ ਬਾਅਦ ਥਾਣੇ ’ਚੋਂ ਬਾਹਰ ਆਉਣ ਸਮੇਂ ਮੀਡੀਆ ਨਾਲ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਢੁਕਵਾ ਸਮਾਂ ਆਉਣ ’ਤੇ ਉਹ ਜ਼ਰੂਰ ਆਪਣੀ ਗੱਲ ਰੱਖਣਗੇ। ਜਦੋਂ ਉਨ੍ਹਾਂ ਨੂੰ ਮੁਲਤਾਨੀ ਕੇਸ ਅਤੇ ਪੁਲੀਸ ਵੱਲੋਂ ਕੀਤੀ ਪੁੱਛਗਿੱਛ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚੁੱਪ ਵੱਟਦੇ ਹੋਏ ਸਿੱਧਾ ਆਪਣੀ ਕਾਰ ਵਿੱਚ ਬੈਠ ਕੇ ਚਲੇ ਗਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…