ਸਿਹਤ ਮੰਤਰੀ ਸਿੱਧੂ ਨੇ ਮੁਹਾਲੀ ਵਿੱਚ 4771 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪੇ

ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਵਚਨਬੱਧ: ਸਿੱਧੂ

ਸੁਹਾਣਾ, ਮਟੌਰ, ਸ਼ਾਹੀਮਾਜਰਾ ਤੇ ਬਲੌਂਗੀ ਦੇ ਲਾਭ ਪਾਤਰੀਆਂ ਨੂੰ ਸੌਂਪੇ ਸਮਾਰਟ ਰਾਸ਼ਨ ਕਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ, ਜਿਸ ਲਈ ਵੱਖ-ਵੱਖ ਯੋਜਨਾਵਾਂ ਸੂਬੇ ਵਿੱਚ ਚਲਾਈਆਂ ਗਈਆਂ ਹਨ। ਉਹ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 4771 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪਣ ਉਪਰੰਤ ਲਾਭਪਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ ਹਨ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਯੋਗ ਲਾਭਪਾਤਰੀਆਂ ਨੂੰ ਅਨਾਜ ਵੰਡਣ ਲਈ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਲਾਗੂ ਹੋਣ ਨਾਲ ਸੂਬੇ ਵਿੱਚ ਅਨਾਜ ਵੰਡਣ ਦੀ ਪ੍ਰਕ੍ਰਿਆ ਵਿੱਚ ਪੂਰਨ ਤੌਰ ’ਤੇ ਪਾਰਦਰਸ਼ਤਾ ਆਈ ਅਤੇ ਹੁਣ ਇਨ੍ਹਾਂ ਕਾਰਡਾਂ ਰਾਹੀਂ ਲਾਭਪਾਤਰੀ ਰਾਜ ਦੇ ਕਿਸੇ ਵੀ ਮਨਜ਼ੂਰਸ਼ੁਦਾ ਡਿਪੂ ਤੋਂ ਆਪਣਾ ਬਣਦਾ ਅਨਾਜ ਪ੍ਰਾਪਤ ਕਰ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਅੱਜ ਸੁਹਾਣਾ ਪਿੰਡ ਦੇ 900 ਲਾਭਪਾਤਰੀ, ਮਟੌਰ ਪਿੰਡ ਦੇ 752 ਲਾਭਪਾਤਰੀ, ਸ਼ਾਹੀ ਮਾਜਰਾ ਦੇ 594 ਲਾਭਪਾਰਤੀ ਅਤੇ ਪਿੰਡ ਬਲੌਂਗੀ ਦੇ 2525 ਲਾਭਪਾਤਰੀ ਸ਼ਾਮਲ ਸਨ ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਯੋਗ ਲਾਭਪਾਤਰੀ ਦਾ ਕਾਰਡ ਬਣਾਇਆ ਹੈ ਤਾਂ ਜੋ ਸਰਕਾਰ ਵਲੋਂ ਸਸਤੇ ਰੇਟ ’ਤੇ ਦਿੱਤੇ ਜਾਣ ਵਾਲੇ ਅਨਾਜ ਯੋਗ ਲੋਕਾਂ ਨੂੰ ਆਸਾਨੀ ਨਾਲ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਿਰਫ ਸਮਾਰਟ ਰਾਸ਼ਨ ਕਾਰਡ ਹੀ ਨਹੀਂ ਮੁਹੱਈਆ ਕਰਵਾਏ ਬਲਕਿ ਪ੍ਰਤੀ ਕਾਰਡ ਧਾਰਕ ਦਾ 5 ਲੱਖ ਰੁਪਏ ਦਾ ਸਿਹਤ ਬੀਮਾ ਵੀ ਕਰਵਾਇਆ ਹੈ ਜੋ ਕਿ ਗਰੀਬ ਵਰਗ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਡਾਂ ਵਿੱਚ ਵਿਸ਼ੇਸ਼ ਤਰ੍ਹਾਂ ਦੀ ਚਿਪ ਲਗੀ ਹੋਈ ਹੈ ਜੋ ਕਿ ਡਿਪੂ ਹੋਲਡਰਾਂ ਕੋਲ ਮੌਜੂਦ ਈਪੋਜ਼ ਮਸ਼ੀਨਾਂ ਨਾਲ ਲਿੰਕ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕਣਕ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਕਾਰਡ ਦੇ ਪ੍ਰਯੋਗ ਰਾਹੀਂ ਯੋਗ ਲਾਭਪਾਤਰੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਸ ਦਾ ਵੇਰਵਾ ਕਾਰਡ ਵਿੱਚ ਦਰਜ਼ ਹੋਵੇਗਾ, ਪੰਜਾਬ ਵਿੱਚ ਕਿਸੇ ਵੀ ਸਥਾਨ ’ਤੇ ਆਪਣਾ ਬਣਦਾ ਅਨਾਜ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਰਟ ਰਾਸ਼ਨ ਕਾਰਡ ਸਿਰਫ਼ ਪ੍ਰਮਾਣਿਕ ਮਸ਼ੀਨਾਂ ’ਤੇ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਲੈ ਕੇ ਸਰਕਾਰ ਕੋਈ ਕਮੀ ਨਹੀਂ ਛੱਡ ਰਹੀ ਹੈ ਅਤੇ ਸਾਰੇ ਵਰਗਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਤੱਕ ਯੋਜਨਾਵਾਂ ਦਾ ਲਾਭ ਪਹੁੰਚੇ, ਇਸ ਲਈ ਸਰਕਾਰ ਉਚਿਤ ਕਦਮ ਉਠਾ ਰਹੀ ਹੈ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ.ਬੂਟਾ ਸਿੰਘ ਸੁਹਾਣਾ, ਹਰਜੀਤ ਸਿੰਘ ਭੋਲੂ, ਗੁਰਦੇਵ ਸਿੰਘ ਸਾਬਕਾ ਸਰਪੰਚ, ਕਿ੍ਸ਼ਨ ਕੁਮਾਰ , ਮਾਸਟਰ ਸੁਖਦੇਵ ਸਿੰਘ, ਗੌਰਵ ਸ਼ਰਮਾ, ਐਡਵੋਕੇਟ ਸੁਸ਼ੀਲ ਕੁਮਾਰ ਅਤਰੀ, ਵਰਿੰਦਰ ਕੁਮਾਰ ਬੁਗਾ, ਸੁਖਦੇਵ ਸਿੰਘ, ਪ੍ਰਦੀਪ ਸੋਨੂੰ, ਅਮਰੀਕ ਸਿੰਘ ਸੋਮਲ, ਅਮਰੀਕ ਸਿੰਘ ਸਰਪੰਚ, ਦਿਲਬਰ ਖਾਨ,ਬਾਲ ਕਿਸ਼ਨ, ਮੱਖਣ ਸਿੰਘ,ਰਾਮ ਕੁਮਾਰ ਸ਼ਾਹੀ ਮਾਜਰਾ ,ਡਾ. ਬੀਰ ਸਿੰਘ ਬਾਜਵਾ, ਜਗਦੀਪ ਜੱਸਾ, ਬਾਬੂ੍ ਖਾਨ,ਗੁਲਥਾਮ ਅਲੀ, ਬੀਰਪ੍ਰਤਾਪ ਸਿੰਘ ਬਾਵਾ, ਕੁਲਦੀਪ ਸਿੰਘ ਬਿੱਟੂ, ਬਹਾਦਰ ਸਿੰਘ ਸਰਪੰਚ ਬਲੌਂਗੀ, ਮਨਜੀਤ ਸਿੰਘ, ਕੁਲਦੀਪ ਸ਼ਰਮਾ, ਸਹਾਇਕ ਖੁਰਾਕ ਸਪਲਾਈ ਅਫਸਰ ਹਰਦੀਪ ਸਿੰਘ, ਇੰਸਪੈਕਟਰ ਖੁਰਾਕ ਸਪਲਾਈ ਹਰਵਿੰਦਰ ਕੌਰ ਅਤੇ ਵੱਡੀ ਗਿਣਤੀ ਚ ਲਾਭਪਾਤਰੀ ਮੌਜੂਦ ਸਨ ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…