ਪ੍ਰਾਪਰਟੀ ਟੈਕਸ ਨਾ ਭਰਨ ’ਤੇ ਜੇਸੀਟੀ ਫੈਕਟਰੀ ਤੇ ਦੋ ਸ਼ੋਅਰੂਮ ਸੀਲ

ਕੱਪੜੇ ਦੇ ਵਪਾਰੀ ਨੇ ਟੈਕਸ ਜਮ੍ਹਾ ਕਰਵਾਉਣ ਲਈ ਦੋ ਦਿਨ ਮੋਹਲਤ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਮੁਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਦੂਜੇ ਦਿਨ ਟੈਕਸ ਨਾ ਭਰਨ ਦੇ ਦੋਸ਼ ਵਿੱਚ ਜੇਸੀਟੀ ਸਮੇਤ ਇਕ ਹੋਰ ਬੰਦ ਫੈਕਟਰੀ ਅਤੇ ਫੇਜ਼-7 ਦੀ ਮਾਰਕੀਟ ਵਿੱਚ ਦੋ ਸ਼ੋਅਰੂਮਾਂ ਨੂੰ ਸੀਲ ਕੀਤਾ ਗਿਆ ਹੈ, ਜਦੋਂਕਿ ਇਕ ਕੱਪੜੇ ਦੇ ਵਪਾਰੀ ਨੇ ਦੋ ਦਿਨ ਦੀ ਮੋਹਲਤ ਮੰਗ ਨੇ ਬੜੀ ਮੁਸ਼ਕਲ ਨਾਲ ਖਹਿੜਾ ਛੁਡਾਇਆ। ਕਿਸੇ ਸਮੇਂ ਜੇਸੀਟੀ ਫੈਕਟਰੀ ਵਿੱਚ ਰੰਗਦਾਰ ਟੀਵੀ ਦੀ ਸਕਰੀਨ ਬਣਦੀ ਸੀ ਅਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ ਪ੍ਰੰਤੂ ਹੁਣ ਕਾਫੀ ਅਰਸੇ ਤੋਂ ਇਹ ਫੈਕਟਰੀ ਬੰਦ ਪਈ ਹੈ।
ਨਗਰ ਨਿਗਮ ਅਧਿਕਾਰੀ ਭੀਮ ਸੈਨ ਨੇ ਦੱਸਿਆ ਕਿ ਜੇਸੀਟੀ ਫੈਕਟਰੀ ਕਾਫੀ ਸਮੇਂ ਤੋਂ ਬੰਦ ਪਈ ਹੈ ਪ੍ਰੰਤੂ ਪ੍ਰਬੰਧਕਾਂ\ਅਧਿਕਾਰੀਆਂ ਵੱਲੋਂ ਇਮਾਰਤ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ ਸੀ। ਇਸ ਫੈਕਟਰੀ ਵੱਲ 12 ਲੱਖ ਰੁਪਏ ਟੈਕਸ ਦੀ ਬਕਾਇਆ ਰਾਸ਼ੀ ਖੜੀ ਹੈ। ਇੰਜ ਹੀ ਇਕ ਹੋਰ ਬੰਦ ਪਈ ਫੈਕਟਰੀ ਅਤੇ ਫੇਜ਼-7 ਵਿੱਚ ਦੋ ਸ਼ੋਅਰੂਮਾਂ ਨੂੰ ਸੀਲ ਕੀਤਾ ਗਿਆ ਹੈ। ਇਨ੍ਹਾਂ ਅਦਾਰਿਆਂ ਦੇ ਮਾਲਕਾਂ ਨੂੰ ਕਈ ਵਾਰ ਨੋਟਿਸ ਭੇਜ ਕੇ ਇਮਾਰਤਾਂ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਹੁਣ ਤੱਕ ਉਨ੍ਹਾਂ ਨੇ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ ਹੈ। ਜਿਸ ਕਾਰਨ ਅੱਜ ਬਾਅਦ ਦੁਪਹਿਰ ਨਗਰ ਨਿਗਮ ਦੇ ਕਰਮਚਾਰੀ ਅਵਤਾਰ ਸਿੰਘ ਕਲਸੀਆ ਦੀ ਅਗਵਾਈ ਵਾਲੀ ਟੀਮ ਵੱਲੋਂ ਉਕਤ ਫੈਕਟਰੀਆਂ ਅਤੇ ਸ਼ੋਅਰੂਮਾਂ ਦੀਆਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਸ੍ਰੀ ਕਲਸੀਆਂ ਨੇ ਦੱਸਿਆ ਕਿ ਉਕਤ ਅਦਾਰਿਆਂ ਵੱਲ ਕਰੀਬ 26 ਲੱਖ ਰੁਪਏ ਟੈਕਸ ਦੀ ਦੇਣਦਾਰੀ ਹੈ ਜਦੋਂਕਿ ਕੱਪੜੇ ਦੇ ਇਕ ਵਪਾਰੀ ਨੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਦੋ ਦਿਨ ਦੀ ਮੋਹਲਤ ਮੰਗੀ ਹੈ। ਇਸ ਵਪਾਰੀ ਵੱਲ ਕਰੀਬ 6 ਲੱਖ ਰੁਪਏ ਟੈਕਸ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਕੱਪੜੇ ਦੇ ਵਪਾਰੀ ਨੂੰ ਦੋ ਦਿਨ ਦੀ ਮੋਹਲਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਅਦਾਰਿਆਂ ਨੂੰ ਟੈਕਸ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ, ਜੇਕਰ ਉਨ੍ਹਾਂ ਨੇ ਸਮੇਂ ਸਿਰ ਟੈਕਸ ਜਮ੍ਹਾ ਨਹੀਂ ਕਰਵਾਇਆ ਤਾਂ ਉਨ੍ਹਾਂ ਨੂੰ ਵੀ ਸੀਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…