ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੀ ਕੰਪਨੀ ਦੇ ਪ੍ਰਬੰਧਕਾਂ ਦਾ ਪੁਲੀਸ ਰਿਮਾਂਡ

ਕਾਲ ਸੈਂਟਰ ਵੀ ਚਲਾ ਰਹੇ ਸੀ ਮੁਲਜ਼ਮ, ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਠੱਗੀ ਦਾ ਸ਼ਿਕਾਰ ਹਰਿਆਣਾ ਦੀ ਲੜਕੀ ਨੇ ਦਿੱਤੀ ਸੀ ਪੁਲੀਸ ਨੂੰ ਲਿਖਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਮੁਹਾਲੀ ਪੁਲੀਸ ਨੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵਰਗਲਾ ਕੇ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੇ ਇਕ ਹੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਮਰ ਸਿੰਘ ਤੇ ਸੀਮਾ ਦੋਵੇਂ ਵਾਸੀ ਖਰੜ ਅਤੇ ਹਰਪ੍ਰੀਤ ਸਿੰਘ ਪਿੰਡ ਖੇੜਾ ਗੱਜੂ (ਰਾਜਪੁਰਾ) ਦੇ ਖ਼ਿਲਾਫ਼ ਧਾਰਾ 406, 420 ਅਤੇ 120-ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪੀੜਤ ਲੜਕੀ ਕਾਜਲ ਪ੍ਰੀਤ ਵਾਸੀ ਕੈਥਲ (ਹਰਿਆਣਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਉਹ ਇਸ ਸਮੇਂ ਇੱਥੋਂ ਦੇ ਫੇਜ਼-10 ਵਿੱਚ ਰਹਿੰਦੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਉਕਤ ਦਫ਼ਤਰ ਵਿੱਚ ਵੱਖਰਾ ਕਾਲ ਸੈਂਟਰ ਵੀ ਚਲਾ ਰਹੇ ਸੀ ਅਤੇ ਲੋਕਾਂ ਨੂੰ ਪੈਸੇ ਠੱਗਣ ਲਈ ਹਰ ਹੀਲਾ ਵਰਤਦੇ ਸੀ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਪੀੜਤ ਲੜਕੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਬੀਬੀਆਈ ਦੀ ਟਰੇਨਿੰਗ ਹਾਸਲ ਕਰਨ ਲਈ ਮੁਹਾਲੀ ਆਈ ਸੀ। ਬੀਤੀ 4 ਅਕਤੂਬਰ ਨੂੰ ਉਸ ਨੇ ਵਰੁਣ ਸਟਾਰ ਸਰਵਿਸ ਕੰਪਨੀ ਫੇਜ਼-2 ਨਾਲ ਸੰਪਰਕ ਕੀਤਾ ਸੀ। ਜਿੱਥੇ ਉਸ ਦੀ ਹਰਪ੍ਰੀਤ ਸਿੰਘ ਉਰਫ਼ ਰੋਹਿਤ, ਅਨੁਸ਼ਕਾ ਉਰਫ਼ ਸੀਮਾ ਅਤੇ ਅਮਰ ਸਿੰਘ ਨਾਲ ਗੱਲਬਾਤ ਹੋਈ ਸੀ। ਇਨ੍ਹਾਂ ਨੇ ਉਸ ਨੂੰ ਟਰੇਨਿੰਗ ਕਰਵਾਉਣ ਉਪਰੰਤ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੰਪਨੀ ਪ੍ਰਬੰਧਕਾਂ ਨੇ ਉਸ ਸਮੇਤ ਉਸ ਦੀ ਸਹੇਲੀ ਨਿਸ਼ਾ ਤੋਂ ਟਰੇਨਿੰਗ ਲਈ 1000-1000 ਰੁਪਏ ਦਾਖਲਾ ਫੀਸ ਲਈ। ਬਾਅਦ ਵਿੱਚ ਉਨ੍ਹਾਂ ਤੋਂ 10-10 ਹਜ਼ਾਰ ਰੁਪਏ ਹੋਰ ਲਏ ਗਏ। ਇਸ ਤੋਂ ਇਲਾਵਾ ਉਨ੍ਹਾਂ ਤੋਂ 33 ਹਜ਼ਾਰ ਰੁਪਏ ਦੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ 7-7 ਹਜ਼ਾਰ ਰੁਪਏ ਹੋਰ ਲਏ ਗਏ।
ਇਸ ਸਬੰਧੀ ਕੰਪਨੀ ਵੱਲੋਂ ਉਨ੍ਹਾਂ ਨੂੰ ਇੰਟਰਵਿਊ ਲਈ ਨਿੱਝਰ ਚੌਕ ਖਰੜ ਸਥਿਤ ਇਕ ਫਾਈਨਾਂਸ ਕੰਪਨੀ ਅਤੇ ਸੈਕਟਰ-65 ਵਿੱਚ ਭੇਜਿਆ ਗਿਆ। ਇਸ ਮਗਰੋਂ ਕੰਪਨੀ ਨੇ ਹੋਰ ਚੰਗੀ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਲਈ 15-15 ਹਜ਼ਾਰ ਰੁਪਏ ਹੋਰ ਵਸੂਲੇ ਗਏ, ਪ੍ਰੰਤੂ ਕੰਪਨੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਵਾਈ। ਬਾਅਦ ਵਿੱਚ ਕੰਪਨੀ ਵਾਲਿਆਂ ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲੀਸ ਨੇ ਜਾਅਲੀ ਡਿਗਰੀਆਂ ਅਤੇ ਸਰਟੀਫਿਕੇਟ ਬਣਾਉਣ ਅਤੇ ਵਿਦੇਸ਼ ਭੇਜਣ ਅਤੇ ਨੌਕਰੀਆਂ ਲਗਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੀ ਇਕ ਕੰਪਨੀ ਦੇ ਤਿੰਨ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਫਿਲਹਾਲ ਕੰਪਨੀ ਪ੍ਰਬੰਧਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…