ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿਲੇਬਸ ਵਿੱਚ 30 ਫੀਸਦੀ ਕਟੌਤੀ ਕੀਤੀ: ਪ੍ਰੋ. ਯੋਗਰਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਅਕਾਦਮਿਕ ਸਾਲ 2020-21 ਲਈ ਸਕੂਲ ਪੱਧਰੀ ਸਿਲੇਬਸ ਵਿੱਚ 30 ਫ਼ੀਸਦੀ ਕਟੌਤੀ ਕਰ ਦੇਣ ਦਾ ਐਲਾਨ ਕੀਤਾ ਹੈ. ਇਹ ਐਲਾਨ ਕੋਵਿਡ-19 ਦੀ ਕੌਮਾਂਤਰੀ ਮਹਾਂਮਾਰੀ ਕਾਰਨ ਲਗਾਤਾਰ ਰਿਵਾਇਤੀ ਸਕੂਲੀ ਸਿੱਖਿਆ ਨਾ ਦਿੱਤੇ ਜਾ ਸਕਣ ਦੇ ਮੱਦੇਨਜ਼ਰ ਕੀਤਾ ਹੈ. ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਅਤੇ ਸੋਮਵਾਰ ਦੇਰ ਸ਼ਾਮ ਨੂੰ ਕਟੌਤੀ ਕੀਤਾ ਹਿੱਸਾ ਬੋਰਡ ਦੀ ਵੈੱਬ-ਸਾਈਟ ਉੱਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮਾਂ ਵਿੱਚ ਕਟੌਤੀ ਤੇ ਨਾਲੋ ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਕਿਉਂਕਿ ਰਿਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿੱਚ ਮੁਲਾਂਕਣ ਦੀ ਬਣਤਰ ਵੀ ਰਿਵਾਇਤੀ ਨਹੀਂ ਰੱਖੀ ਜਾ ਸਕਦੀ। ਡਾ. ਯੋਗਰਾਜ ਨੇ ਅਕਾਦਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸ਼ਨ ਪੱਤਰਾਂ ਦੀ ਨਵੀਂ ਬਣਤਰ ਅਤੇ ਉਸ ਤਰਜ਼ ਉੱਤੇ ਨਮੂਨੇ ਦੇ ਪ੍ਰਸ਼ਨ ਪੱਤਰ ਵੀ ਬੋਰਡ ਦੀ ਵੈੱਬਸਾਈਟ ਉੱਤੇ ਪਾਏ ਜਾਣ ਤਾਂ ਜੋ ਸਾਰੇ ਸਬੰਧਤਾਂ ਨੂੰ ਤਬਦੀਲੀ ਬਾਰੇ ਇੱਕ ਹੀ ਥਾਂ ਤੋਂ ਸਾਰੀ ਜਾਣਕਾਰੀ ਮੁਹੱਈਆ ਹੋ ਸਕੇ।
ਵੇਰਵਿਆਂ ਅਨੁਸਾਰ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਸੋਮਵਾਰ ਨੂੰ ਦੇਰ ਸ਼ਾਮ ਮੀਟਿੰਗ ਦੌਰਾਨ ਵੱਖੋ-ਵੱਖ ਵਿਸ਼ਿਆਂ ਦੇ ਮਾਹਿਰਾਂ ਅਤੇ ਕੋਆਰਡੀਨੇਟਰਾਂ ਵੱਲੋਂ ਪੰਜਾਬ ਭਰ ਦੇ ਸਕੂਲ ਅਧਿਆਪਕਾਂ, ਲੈਕਚਰਾਰਾਂ ਤੇ ਵਿੱਦਿਅਕ ਮਾਹਿਰਾਂ ਨਾਲ ਸਲਾਹ ਮਸ਼ਵਰਿਆਂ ਤੋਂ ਬਾਅਦ ਤਿਆਰ ਕੀਤੇ ਵੱਖੋ-ਵੱਖ ਸ਼੍ਰੇਣੀਆਂ ਤੇ ਇਤਿਹਾਸ ਤੇ ਪੰਜਾਬੀ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮ ਕਟੌਤੀ ਪੱਤਰਾਂ ਦੀ ਸਮੀਖਿਆ ਕੀਤੀ ਅਤੇ ਆਦੇਸ਼ ਦਿੱਤੇ ਕਿ ਕੋਵਿਡ ਦੇ ਹਾਲਾਤਾਂ ਕਾਰਨ ਨਾ ਸਿਰਫ਼ ਕੌਮੀ ਸਗੋਂ ਕੌਮਾਂਤਰੀ ਪੱਧਰਾਂ ’ਤੇ ਵੀ ਪ੍ਰਾਸ਼ਸਕੀ, ਆਰਥਿਕ ਤੇ ਅਕਾਦਮਿਕ ਤਬਦੀਲੀਆਂ ਦੇ ਮੱਦੇਨਜ਼ਰ ਪਾਠਕ੍ਰਮ ਵਿੱਚ 30 ਫੀਸਦੀ ਕਟੌਤੀ ਦਾ ਐਲਾਨ ਬੋਰਡ ਦੀ ਵੈੱਬਸਾਈਟ ਉੱਤੇ ਕਟੌਤੀ ਭਾਗ ਪਾ ਕੇ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬੋਰਡ ਦੇ ਮਾਹਿਰ ਅਕਾਦਮਿਕ ਸਾਲ ਦੇ ਅਰੰਭ ਵਿੱਚ ਅਪਰੈਲ ਤੋਂ ਹੀ ਸਿੱਖਿਆ ਪ੍ਰਸਾਰ ਕਰਨ ਦੀ ਪ੍ਰਣਾਲੀ ਤੇ ਨਜ਼ਰ ਰੱਖ ਰਹੇ ਹਨ ਅਤੇ ਪਾਠਕ੍ਰਮ ਵਿੱਚ ਕਟੌਤੀ ਹਾਲੇ ਸਿਰਫ਼ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸਦੀ ਸਮੀਖਿਆ ਕਰਨ ਮਗਰੋਂ ਕਟੌਤੀ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਪਰ ਅਜਿਹੀ ਕੋਈ ਵੀ ਸਥਿਤੀ ਦੇਸ਼ ਭਰ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਦੇ ਅਨੁਰੂਪ ਹੀ ਹੋਵੇਗੀ।
ਪਾਠਕ੍ਰਮ ਦੀ ਕਟੌਤੀ ਤੋਂ ਇਲਾਵਾ ਰਿਵਾਇਤੀ ਸਕੂਲੀ ਸਿੱਖਿਆ ਵਿੱਚ ਆਈ ਖੜੋਤ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਮਾਰਚ 2020 ਦੀ ਪਰੀਖਿਆ ਲਈ ਸਾਰੀਆਂ ਬੋਰਡ ਪਰੀਖਿਆ ਸ਼੍ਰੇਣੀਆਂ ਤੇ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਤਬਦੀਲੀ ਬਾਰੇ ਗੱਲ ਕਰਦਿਆਂ ਡਾ. ਯੋਗਰਾਜ ਨੇ ਕਿਹਾ ਕਿ ਸਮਾਂ ਬੱਧ ਤਰੀਕੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਪੜ੍ਹਾਏ ਜਾ ਸਕਣ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਦੀ ਮੁਲਾਂਕਣ ਦੀ ਤਰਤੀਬ ਵਿੱਚ ਵੀ ਤਬਦੀਲੀ ਕਰਦਿਆਂ ਇਸ ਨੂੰ ਵਧੇਰੇ ਵਸਤੂਨਿਸ਼ਠ ਪਰ ਅਸਰਦਾਇਕ ਬਨਾਉਣਾ ਹੋਵੇਗਾ।
ਕੋਵਿਡ ਦੀ ਵੰਗਾਰ ਦਾ ਸਾਹਮਣਾ ਕਰਨ ਸਬੰਧੀ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨੂੰ ਅਕਾਦਮਿਕ ਦਲੇਰੀ ਦਾ ਨਾਮ ਦਿੰਦਿਆਂ ਕਿਹਾ ਕਿ ਸਾਰਾ ਨਵਾਂ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਤੱਕ ਸੌਖੇ ਤੇ ਸਪਸ਼ਟ ਸ਼ਬਦਾਂ ਵਿੱਚ ਪੁੱਜਣਾ ਵੀ ਉਨਾਂ ਹੀ ਜ਼ਰੂਰੀ ਹੈ ਤੇ ਇਸ ਲਈ ਨਵੀਂ ਪ੍ਰਸ਼ਨ ਪੱਤਰ ਬਣਤਰ ਦੇ ਆਧਾਰ ’ਤੇ ਨਮੂਨੇ ਦੇ ਪ੍ਰਸ਼ਨ ਪੱਤਰ ਤੇ ਹੋਰ ਸਹਾਇਕ ਪਾਠ ਸਮੱਗਰੀ ਵੀ ਬੋਰਡ ਵੱਲੋਂ ਲੋੜ ਤੇ ਮੰਗ ਅਨੁਸਾਰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਜਾਰੀ ਅਕਾਦਮਿਕ ਸਾਲ ਵਿੱਚ ਪੇਸ਼ ਆਈ ਅਕਾਦਮਿਕ ਖੜੋਤ ਨੂੰ ਨਵੇਂ ਅਕਾਦਮਿਕ ਕ੍ਰਮ ਵਜੋਂ ਮੰਨ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…