ਅਣਦੇਖੀ: ਜ਼ਿਲ੍ਹਾ ਪ੍ਰੀਸ਼ਦ ਭਵਨ ਮੁਹਾਲੀ ਦੀ ਆਲੀਸ਼ਾਨ ਇਮਾਰਤ ਬਣੀ ਸਫ਼ੈਦ ਹਾਥੀ

ਜ਼ਿਲ੍ਹਾ ਪ੍ਰੀਸ਼ਦ ਭਵਨ ਨੂੰ ਜਾਣ ਵਾਲਾ ਰਸਤਾ ਬਿਲਕੁਲ ਕੱਚਾ, ਦਫ਼ਤਰ ਦੇ ਸਾਹਮਣੇ ਬੇਸੁਮਾਰ ਗੰਦਗੀ ਦਾ ਆਲਮ

ਅਕਾਲੀ ਸਰਕਾਰ ਵੇਲੇ ਸਿਕੰਦਰ ਸਿੰਘ ਮਲੂਕਾ ਨੇ 10 ਦਸੰਬਰ 2016 ਨੂੰ ਕੀਤਾ ਸੀ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਇੱਥੋਂ ਦੇ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਭਵਨ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ। ਅਕਾਲੀ ਸਰਕਾਰ ਵੇਲੇ ਤਤਕਾਲੀ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚਾਰ ਕਰੋੜੀ ਇਸ ਆਲੀਸ਼ਾਨ ਇਮਾਰਤ ਦਾ ਉਦਘਾਟਨ ਕੀਤਾ ਸੀ ਅਤੇ ਪਿੰਡਾਂ ਦੇ ਲੋਕਾਂ ਅਤੇ ਗਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਅਜੋਕੇ ਸਮੇਂ ਵਿੱਚ ਦਫ਼ਤਰ ਵਿੱਚ ਅਜੀਬ ਸਨਾਟਾ ਛਾਇਆ ਹੋਇਆ ਹੈ। ਹਾਲਾਂਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਦੇ ਦਫ਼ਤਰ ਅਤੇ ਬੁਨਿਆਦੀ ਢਾਂਚਾ ਉਪਲਬਧ ਹੈ ਲੇਕਿਨ ਇੱਥੇ ਕੋਈ ਅਧਿਕਾਰੀ ਨਹੀਂ ਬੈਠਦਾ ਹੈ।
ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਨੇ ਉਦੋਂ ਪੰਚਾਇਤ ਦੀ ਮੰਗ ’ਤੇ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ 18 ਫੁੱਟ ਚੌੜੀ ਪੱਕੀ ਤੇ ਮਜ਼ਬੂਤ ਸੜਕ ਬਣਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਤੱਕ ਇਸ ਰਸਤੇ ਨੂੰ ਪੱਕਾ ਕਰਨ ਲਈ ਤਤਕਾਲੀ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਇਕ ਇੱਟ ਤੱਕ ਨਹੀਂ ਲਗਾਈ ਹੈ। ਜਿਸ ਕਾਰਨ ਇੱਧਰੋਂ ਲੰਘਣ ਵੇਲੇ ਰਾਹਗੀਰ ਦੇ ਕੱਪੜਿਆਂ ਅਤੇ ਵਾਹਨਾਂ ’ਤੇ ਮਿੱਟੀ ਦੀ ਮੋਟੀ ਪਰਤ ਜਮ ਜਾਂਦੀ ਹੈ। ਇਹੀ ਨਹੀਂ ਜ਼ਿਲ੍ਹਾ ਪ੍ਰੀਸ਼ਦ ਭਵਨ ਦੇ ਸਾਹਮਣੇ ਬੇਸੁਮਾਰ ਗੰਦਗੀ ਫੈਲੀ ਹੋਈ ਹੈ ਅਤੇ ਆਲੇ ਦੁਆਲੇ ਝਾੜੀਆਂ ਹਨ। ਜਿਸ ਕਾਰਨ ਕੋਈ ਅਧਿਕਾਰੀ ਇਸ ਦਫ਼ਤਰ ਵਿੱਚ ਬੈਠ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈ। ਮਗਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਈ-ਪੰਚਾਇਤ ਦਾ ਸਟਾਫ਼ ਵੀ ਇੱਥੇ ਹੀ ਬੈਠਦਾ ਸੀ ਪਰ ਹੁਣ ਕੋਈ ਇੱਧਰ ਆਉਣ ਨੂੰ ਤਿਆਰ ਨਹੀਂ ਹੈ।
ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਉਂਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦਾ ਸਕੱਤਰ, ਸੁਪਰਡੈਂਟ, ਅਕਾਊਂਟ ਅਤੇ ਹੋਰ ਸਟਾਫ਼ ਇੱਥੇ ਡਿਊਟੀ ਦੇਣ ਦੀ ਥਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੈਠਦਾ ਹੈ। ਸ਼ਿਕਾਇਤਾਂ ਸੁਣਨ ਵਾਲੇ ਕਲਰਕ ਨੂੰ ਵੀ ਡੀਸੀ ਦਫ਼ਤਰ ਬੁਲਾ ਲਿਆ ਗਿਆ ਹੈ। ਦਫ਼ਤਰ ਵਿੱਚ ਦੋ ਕਰਮਚਾਰੀ ਆਉਂਦੇ ਹਨ। ਕੋਈ ਚਪੜਾਸੀ, ਮਾਲੀ ਜਾਂ ਸਫ਼ਾਈ ਸੇਵਕ ਵੀ ਨਹੀਂ ਹੈ। ਰਾਤ ਨੂੰ ਚੌਕੀਦਾਰੀ ਕਰਨ ਵਾਲਾ ਵਿਅਕਤੀ ਹੀ ਸਵੇਰੇ ਘਰ ਨੂੰ ਜਾਣ ਤੋਂ ਪਹਿਲਾਂ ਭਾਈਬੰਦੀ ਵਿੱਚ ਦਫ਼ਤਰ ਦੀ ਸਫ਼ਾਈ ਕਰ ਦਿੰਦਾ ਹੈ।
ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਇਹ ਸਾਰਾ ਮਾਮਲਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਿਨਾਂ ਕਿਸੇ ਯੋਜਨਾਬੰਦੀ ਤੋਂ ਇਸ ਇਮਾਰਤ ’ਤੇ ਕਰੋੜਾ ਰੁਪਏ ਬਰਬਾਦ ਕੀਤੇ ਗਏ ਹਨ। ਜਦੋਂਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਹ ਦਫ਼ਤਰ ਸਥਾਪਿਤ ਕੀਤਾ ਜਾ ਸਕਦਾ ਸੀ ਕਿਉਂਕਿ ਬਾਕੀ ਸਾਰੇ ਦਫ਼ਤਰ ਉੱਥੇ ਸ਼ਿਫ਼ਟ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਦਾ ਜ਼ਿਲ੍ਹਾ ਪ੍ਰੀਸ਼ਦ ਭਵਨ ਵਿੱਚ ਬੈਠਣਾ ਯਕੀਨੀ ਬਣਾਇਆ ਜਾਵੇ ਜਾਂ ਇਹ ਆਲੀਸ਼ਾਨ ਇਮਾਰਤ ਕਮਿਊਨਿਟੀ ਸੈਂਟਰ ਵਜੋਂ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ ਜਾਵੇ ਤਾਂ ਜੋ ਗਰੀਬ ਲੋਕ ਇੱਥੇ ਵਿਆਹ ਜਾਂ ਹੋਰ ਸਮਾਗਮ ਕਰਵਾ ਸਕਣ। ਅਜਿਹਾ ਹੋਣ ਨਾਲ ਪਿੰਡਾਂ ਦੇ ਲੋਕਾਂ ਦੀ ਖੱਜਲ-ਖੁਆਰੀ ਘਟੇਗੀ।
ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਮਿਲਦੇ ਹੀ ਤੁਰੰਤ ਡੀਸੀ ਮੁਹਾਲੀ ਨਾਲ ਗੱਲ ਕੀਤੀ ਅਤੇ ਸਬੰਧਤ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਨੂੰ ਜ਼ਿਲ੍ਹਾ ਪ੍ਰੀਸ਼ਦ ਭਵਨ ਵਿੱਚ ਤਾਇਨਾਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜਦੋਂ ਜੁਝਾਰ ਨਗਰ ਵਿੱਚ ਦਫ਼ਤਰ ਬਣਿਆ ਹੋਇਆ ਹੈ ਤਾਂ ਅਧਿਕਾਰੀਆਂ ਅਤੇ ਸਟਾਫ਼ ਨੂੰ ਉੱਥੇ ਬੈਠ ਕੇ ਡਿਊਟੀ ਦੇਣੀ ਚਾਹੀਦੀ ਹੈ ਤਾਂ ਜੋ ਇਲਾਕੇ ਦੇ ਲੋਕ ਹੈਰਾਨ ਨਾ ਹੋਣ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…