nabaz-e-punjab.com

ਸਿੱਖਿਆ ਵਿਭਾਗ ਦੀਆਂ ਸਰਗਰਮੀਆਂ ਦੀ ਕ੍ਰਿਸ਼ਨ ਕੁਮਾਰ ਨੇ ਉੱਚ ਪੱਧਰੀ ਮੀਟਿੰਗ ਰਾਹੀਂ ਕੀਤੀ ਸਮੀਖਿਆ

ਸਾਲਾਨਾ ਪ੍ਰੀਖਿਆਵਾਂ ਵਿੱਚ ਵਧੀਆਂ ਨਤੀਜਿਆਂ ਲਈ ਬੱਚਿਆਂ ਨੂੰ ਲਿਖਣ ਦਾ ਅਭਿਆਸ ਕਰਵਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 27 ਨਵੰਬਰ:
ਪੰਜਾਬ ਵਿੱਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਭਾਗ ਦੇ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਮਾਪੇ-ਅਧਿਆਪਕ ਮਿਲਣੀਆਂ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਸਕੂਲਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਬਾਰੇ ਵਿਸਤਾਰ ਵਿੱਚ ਜਾਣਕਾਰੀ ਦੇਣ ਦੇ ਨਾਲ-ਨਾਲ ਬੱਚਿਆਂ ਦੀ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਯੋਗ ਅਗਵਾਈ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸਦੇ ਲਈ ਵਿਭਾਗ ਵੱਲੋਂ ਵੱਖ-ਵੱਖ ਸਾਧਨਾਂ ਜਿਵੇਂ ਕਿ ਡੀਡੀ ਪੰਜਾਬੀ ਅਤੇ ਈ-ਵਿੱਦਿਆ ਚੈਨਲ, ਪੰਜਾਬ ਐਜੂਕੇਅਰ ਐਪ, ਰੇਡੀਓ, ਸੋਸ਼ਲ ਮੀਡੀਆ ਵੀਡੀਓ ਐਪ ਆਦਿ ਦਾ ਉਪਯੋਗ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਲਿਖਤ ਅਭਿਆਸ ਕਰਵਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਵੇ ਜਿਸ ਲਈ ਬਡੀ ਗਰੁੱਪ ਬਹੁਤ ਵਧੀਆ ਭੂਮਿਕਾ ਅਦਾ ਕਰਨਗੇ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਿੱਖਿਆ ਸੁਧਾਰ ਟੀਮਾਂ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ, ਪੰਜਾਬ ਪ੍ਰਾਪਤੀ ਸਰਵੇਖਣ, ਮਾਪੇ-ਅਧਿਆਪਕ ਮਿਲਣੀਆਂ, ਭਾਸ਼ਾ ਦੇ ਕੌਸ਼ਲਾਂ ਵਿੱਚ ਸੁਧਾਰ, ਸਮਾਰਟ ਸਕੂਲਾਂ ਵਿੱਚ ਚਲ ਰਹੀ ਪ੍ਰਗਤੀ ਸਬੰਧੀ, ਬਡੀ ਗਰੁੱਪਾਂ ਵਿੱਚ ਸ਼ਾਮਲ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸੰਸਾ ਪੱਤਰ ਦੇਣ ਲਈ, ਐੱਨਟੀਐੱਸਈ ਦੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਕਰਵਾਉਣ, ਮੁੱਦਿਆਂ ’ਤੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ, ਡੀਪੀਆਈ (ਐਲੀਮੈਂਟਰੀ) ਲਲਿਤ ਕਿਸ਼ੋਰ ਘਈ, ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਨੇ ਵੀ ਭਾਗ ਲਿਆ।
ਇਸ ਮੌਕੇ ਸਿੱਖਿਆ ਸਕੱਤਰ ਨੇ ਕਿਹਾ ਕਿ ਨੌਵੀਂ ਤੋਂ ਬਾਰ੍ਹਵੀਂ ਤੱਕ ਸਕੂਲ ਵਿਦਿਆਰਥੀਆਂ ਲਈ ਖੋਲ੍ਹੇ ਜਾ ਚੁੱਕੇ ਹਨ। ਇਸਦੇ ਨਾਲ ਹੀ ਸਕੂਲਾਂ ਵਿੱਚ ਦਸੰਬਰ ਮਹੀਨੇ ਦੀ ਘਰੇਲੂ ਪ੍ਰੀਖਿਆਵਾਂ ਲਈ ਡੇਟਸ਼ੀਟ ਵੀ ਜਾਰੀ ਕੀਤੀ ਜਾ ਚੁੱਕੀ ਹੈ। ਸਕੂਲ ਮੁਖੀਆਂ ਵੱਲੋਂ ਵੀ ਇਹਨਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਖ਼ੁਦ ਵੀ ਕੁਝ ਮਾਪੇ-ਅਧਿਆਪਕ ਮਿਲਣੀਆਂ ਵਿੱਚ ਸ਼ਿਰਕਤ ਕੀਤੀ ਹੈ ਜਿਸ ਵਿੱਚ ਮਾਪਿਆਂ ਦਾ ਅਤੇ ਬੱਚਿਆਂ ਦਾ ਉਤਸ਼ਾਹ ਕਾਬਲੇ-ਤਾਰੀਫ਼ ਰਿਹਾ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗ) ਸ਼ਲਿੰਦਰ ਸਿੰਘ, ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ, ਏਐੱਸਪੀਡੀ ਸੁਰੇਖਾ ਠਾਕੁਰ, ਸਟੇਟ ਕੋਆਰਡੀਨੇਟਰ (ਅੰਗਰੇਜ਼ੀ) ਚੰਦਰ ਸ਼ੇਖਰ, ਸਟੇਟ ਕੋਆਰਡੀਨੇਟਰ (ਗਣਿਤ) ਨਿਰਮਲ ਕੌਰ ਨੇ ਵਿਭਾਗੀ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਦੱਸਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ ਗਏ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…