ਜਨਤਕ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਲਈ ਡੀਸੀ ਦੀ ਅਗਵਾਈ ਹੇਠ ਵਿਸ਼ੇਸ਼ ਐਕਸ਼ਨ ਕਮੇਟੀ ਦਾ ਗਠਨ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ

ਪਿਛਲੀ ਮੀਟਿੰਗ ਵਿੱਚ ਪੇਸ਼ ਕੀਤੀਆਂ 60 ਫੀਸਦੀ ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕਰਨ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੁੱਧਵਾਰ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਧਾਇਕ ਕੰਵਰ ਸੰਧੂ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸਐਸਪੀ ਸਤਿੰਦਰ ਸਿੰਘ, ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਤੇ ਰਾਜੀਵ ਗੁਪਤਾ, ਐਸਡੀਐਮ ਜਗਦੀਪ ਸਹਿਗਲ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਸਮੇਤ ਸਰਕਾਰੀ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਅਤੇ ਸ਼ਿਕਾਇਤਾਂ ਨਿਵਾਰਨ ਕਮੇਟੀ ਦੇ ਗੈਬ ਸਰਕਾਰੀ ਮੈਂਬਰ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਪੇਸ਼ 60 ਫੀਸਦੀ ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ। ਜਦੋਂਕਿ ਕਰੋਨਾ ਮਹਾਮਾਰੀ ਦੇ ਫੈਲਾਅ ਕਾਰਨ ਦੂਜੇ ਮਸਲੇ ਹੱਲ ਕਰਨ ਵਿੱਚ ਥੋੜ੍ਹੀ ਦੇਰੀ ਹੋਈ ਹੈ। ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਤੇ ਐਲੀਵੇਟਿਡ ਸੜਕ ’ਤੇ 15 ਜਨਵਰੀ ਤੋਂ ਬਾਅਦ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਰਾਜਪੁਰਾ ਦੇ ਜਨਰਲ ਅਤੇ ਮਾਲ ਪ੍ਰਸ਼ਾਸਨ ਨਾਲ ਜੁੜੇ ਕੰਮ ਸਬੰਧੀ ਲੋਕਾਂ ਨੂੰ ਅਣਚਾਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕੁਝ ਕੰਮ ਰਾਜਪੁਰਾ ਹੁੰਦੇ ਹਨ ਅਤੇ ਕੁਝ ਮੁਹਾਲੀ। ਜ਼ਿਲ੍ਹਿਆਂ ਦੀ ਹੱਦਬੰਦੀ ਕਾਰਨ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਰਿਪੋਰਟ ਸਰਕਾਰ ਨੂੰ ਭੇਜੀ ਗਈ ਹੈ।
ਇਸੇ ਤਰ੍ਹਾਂ ਸਰਕਾਰੀ ਸਕੂਲ ਘੜੂੰਆਂ ਦੀ ਚਾਰ-ਦੀਵਾਰੀ ਬਣਾਉਣ ਦਾ ਮਾਮਲਾ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ। ਨਵਾਂ ਗਾਉਂ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦੇ ਨਿਰਮਾਣ ਦੇ ਮਹੱਤਵਪੂਰਨ ਮੁੱਦੇ ਨੂੰ ਬ੍ਰਹਮ ਮਹਿੰਦਰਾ ਅਤੇ ਕੁਰਾਲੀ ਹਾਈਵੇਅ ’ਤੇ ਟਰੌਮਾ ਸੈਂਟਰ ਦੀ ਉਸਾਰੀ ਵਿੱਚ ਦੇਰੀ ਬਾਰੇ ਸਿਹਤ ਵਿਭਾਗ ਨਾਲ ਉਹ ਖ਼ੁਦ ਗੱਲ ਕਰਨਗੇ।
ਸ੍ਰੀ ਰੰਧਾਵਾ ਨੇ ਖਰੜ ਦੇ ਨੌਜਵਾਨ ਐਸਡੀਐਮ ਹਿਮਾਂਸ਼ੂ ਜੈਨ ਵੱਲੋਂ ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਦਾ 90 ਫੀਸਦੀ ਕੰਮ ਮੁਕੰਮਲ ਕਰਨ ਸਬੰਧੀ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 15 ਜਨਵਰੀ ਤੱਕ ਲਾਈਟਾਂ ਲਗਾਉਣ ਨਾਲ ਫਲਾਈਓਵਰ ਤਿਆਰ ਹੋ ਜਾਵੇਗਾ। ਇਸ ਮਗਰੋਂ ਇਹ ਵੱਕਾਰੀ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਨਾਲ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਟਰੈਫ਼ਿਕ ਸਮੱਸਿਆ ਹੱਲ ਹੋਵੇਗੀ। ਮੰਤਰੀ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਜਨਤਕ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੀਟਿੰਗ ਵਿੱਚ ਨਿਸ਼ਚਤ ਕੀਤੇ ਜ਼ਰੂਰੀ ਮੁੱਦਿਆਂ ਦੇ ਸਮੇਂ ਸਿਰ ਹੱਲ ਲਈ ਮੰਤਰੀ ਵੱਲੋਂ ਮੌਕੇ ’ਤੇ ਡੀਸੀ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ।
ਮੰਤਰੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬਹੁਤੇ ਮੁੱਦੇ ਪੇਂਡੂ ਛੱਪੜਾਂ ਦੀ ਸਫ਼ਾਈ, ਸੀਵਰੇਜ ਦੇ ਪਾਣੀ ਦੇ ਨਿਪਟਾਰੇ, ਦਰਖਤਾਂ ਦੀ ਛੰਗਾਈ, ਸੜਕਾਂ ਦੀ ਮੁਰੰਮਤ, ਆਵਾਰਾ ਕੁੱਤੇ, ਪਾਰਕਾਂ ਦੀ ਸਾਂਭ-ਸੰਭਾਲ ਅਤੇ ਸਨਅਤੀ ਪ੍ਰਦੂਸ਼ਣ ਨਾਲ ਸਬੰਧਤ ਸਨ। ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਜਨਤਕ ਸ਼ਿਕਾਇਤਾਂ ਦੇ ਹੱਲ ਲਈ ਡੂੰਘੀ ਦਿਲਚਸਪੀ ਲੈਣ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਅਤੇ ਇਸ ਮੰਤਵ ਦੀ ਪੂਰਤੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…