ਸਰਕਾਰ ਦੇ ਇਸ਼ਾਰੇ ’ਤੇ ਵਿਰੋਧੀ ਪਾਰਟੀਆਂ ਨੂੰ ਵੋਟਰ ਸੂਚੀਆਂ ਜਾਰੀ ਨਹੀਂ ਕਰ ਰਹੇ ਅਧਿਕਾਰੀ: ਭਾਜਪਾ ਆਗੂ

ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੇ ਵੋਟਰ ਸੂਚੀਆਂ ਬਾਰੇ ਚੋਣ ਕਮਿਸ਼ਨਰ ਕੋਲ ਕੀਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੇ ਵੋਟਰ ਸੂਚੀਆਂ ਮੁਹੱਈਆ ਨਾ ਕਰਵਾਏ ਜਾਣ ’ਤੇ ਨਗਰ ਨਿਗਮ ਭਵਨ ਵਿੱਚ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਅਧਿਕਾਰੀ ਕਾਂਗਰਸੀ ਉਮੀਦਵਾਰਾਂ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਜਾਣਬੁੱਝ ਕੇ ਡਰਾਫ਼ਟ ਵੋਟਰ ਸੂਚੀਆਂ ਮੁਹੱਈਆ ਨਹੀਂ ਕਰਵਾ ਰਹੇ ਹਨ ਤਾਂ ਜੋ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਭੰਬਲਭੂਸੇ ਬਣਿਆ ਰਹੇ।
ਅੱਜ ਇੱਥੇ ਨਗਰ ਨਿਗਮ ਦੇ ਦਫ਼ਤਰ ਵਿੱਚ ਇਕੱਲੇ ਹੋਏ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰਾਂ ਅਰੁਣ ਸ਼ਰਮਾ, ਅਸ਼ੋਕ ਝਾਅ, ਸੈਹਬੀ ਆਨੰਦ, ਸ੍ਰੀਮਤੀ ਪ੍ਰਕਾਸ਼ਵਤੀ ਅਤੇ ਸੀਨੀਅਰ ਭਾਜਪਾ ਆਗੂ ਰਮੇਸ਼ ਵਰਮਾ, ਅਨਿਲ ਕੁਮਾਰ ਗੁੱਡੂ, ਮਦਨ ਗੋਇਲ, ਰਮੇਸ਼ ਦੱਤ, ਵਿਕਾਸ ਵਰਮਾ, ਰੰਜਨਾ ਮਿਸ਼ਰਾ, ਸੰਜੀਵ ਜੋਸ਼ੀ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਡਰਾਫ਼ਟ ਵੋਟਰ ਸੂਚੀਆਂ ਬੀਤੀ 10 ਦਸੰਬਰ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਬਣਦੀਆਂ ਸਨ ਤਾਂ ਜੋ ਇਨ੍ਹਾਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਖ਼ਲ ਕੀਤੇ ਜਾ ਸਕਣ। ਵੋਟਰ ਸੂਚੀਆਂ ਬਾਰੇ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਆਖ਼ਰੀ ਤਰੀਕ 16 ਦਸੰਬਰ ਰੱਖੀ ਗਈ ਹੈ ਪ੍ਰੰਤੂ ਸੋਮਵਾਰ ਦੁਪਹਿਰ ਬਾਅਦ ਤੱਕ ਅਧਿਕਾਰੀਆਂ ਵੱਲੋਂ ਵੋਟਰ ਸੂਚੀਆਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
ਇਸ ਸਬੰਧੀ ਭਾਜਪਾ ਆਗੂਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਵੋਟਰ ਸੂਚੀਆਂ ਤੁਰੰਤ ਮੁਹੱਈਆ ਕਰਵਾਈਆਂ ਜਾਣ। ਬਾਅਦ ਵਿੱਚ ਭਾਜਪਾ ਆਗੂਆਂ ਨੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਮਸਲੇ ਦਾ ਹੱਲ ਕਰਨ ਦੀ ਗੁਹਾਰ ਲਗਾਈ। ਭਾਜਪਾ ਆਗੂਆਂ ਦੇ ਦੱਸਣ ਅਨੁਸਾਰ ਐਸਡੀਐਮ ਨੇ ਉਨ੍ਹਾਂ ਵੋਟਰ ਸੂਚੀਆਂ ਜਲਦੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਉਧਰ, ਅਕਾਲੀ ਦਲ ਦੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਕਰਮਜੀਤ ਕੌਰ ਦੇ ਪਤੀ ਜਸਪਾਲ ਸਿੰਘ ਮਟੌਰ ਨੇ ਅੱਜ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵਿੱਚ ਪਹੁੰਚ ਕੇ ਵੋਟਰ ਸੂਚੀਆਂ ਬਾਰੇ ਲਿਖਤੀ ਸ਼ਿਕਾਇਤ ਦਿੱਤੀ। ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹੁਕਮਰਾਨਾਂ ਦੇ ਪਿੱਠੂ ਬਣ ਕੇ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਅਕਾਲੀ ਵਿਧਾਇਕ ਤੇ ਸਾਬਕਾ ਕੌਂਸਲਰਾਂ ਨੇ ਕਿਹਾ ਕਿ ਚੋਣਾਂ ਐਨ ਸਿਰ ਆ ਗਈਆਂ ਹਨ ਪ੍ਰੰਤੂ ਅਜੇ ਤਾਈਂ ਵੋਟਰ ਸੂਚੀਆਂ ਜਨਤਕ ਨਹੀਂ ਕੀਤੀਆਂ ਗਈਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਵੋਟਰਾਂ ਨਾਲ ਤਾਲਮੇਲ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…