ਪੱਖਪਾਤ: ਦਰਖਤਾਂ ਦੀ ਛੰਗਾਈ ਲਈ ਬਿਜਲੀ ਸਪਲਾਈ ਬੰਦ ਕਰਨ ਤੋਂ ਇਨਕਾਰੀ ਹਨ ਅਧਿਕਾਰੀ: ਸਾਬਕਾ ਕੌਂਸਲਰ

ਮੇਅਫੇਅਰ ਤੇ ਹੋਮਲੈਂਡ ਸੁਸਾਇਟੀ ਦੀਆਂ ਵੋਟਾਂ ਸੈਕਟਰ-70 ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਅਕਾਲੀ ਦਲ ਦੇ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਪਟਵਾਰੀ, ਆਰਪੀ ਸ਼ਰਮਾ, ਉਪਿੰਦਰਜੀਤ ਕੌਰ ਗਿੱਲ ਅਤੇ ਅਕਾਲੀ ਆਗੂ ਹਰਮੇਸ਼ ਸਿੰਘ ਕੁੰਭੜਾ ਨੇ ਦੋਸ਼ ਲਾਇਆ ਕਿ ਪੰਜਾਬ ਰਾਜ ਪਾਵਰਕੌਮ ਦੇ ਅਧਿਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸਹਿਮਤੀ ਤੋਂ ਬਿਨਾਂ ਦਰਖਤਾਂ ਦੀ ਛੰਗਾਈ ਲਈ ਬਿਜਲੀ ਸਪਲਾਈ ਲਾਈਨ ਬੰਦ ਕਰਨ ਲਈ ਤਿਆਰ ਨਹੀਂ ਹਨ। ਜਦੋਂਕਿ ਕਾਂਗਰਸ ਦੇ ਸਾਬਕਾ ਕੌਂਸਲਰਾਂ ਦੇ ਵਾਰਡਾਂ ਵਿੱਚ ਦਰਖ਼ਤਾਂ ਦੀ ਛੰਗਾਈ ਲਈ ਅਗਾਊਂ ਬਿਜਲੀ ਸਪਲਾਈ ਬੰਦ ਕਰਨ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਿਹਤ ਮੰਤਰੀ ਵੱਲੋਂ ਕਥਿਤ ਤੌਰ ’ਤੇ ਪਾਵਰਕੌਮ ਅਧਿਕਾਰੀਆਂ ਨੂੰ ਜ਼ੁਬਾਨੀ ਆਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੀ ਅਗਾਊਂ ਸਹਿਮਤੀ ਲਏ ਬਿਨਾਂ ਸ਼ਹਿਰ ਦੇ ਕਿਸੇ ਵੀ ਖੇਤਰ ਵਿੱਚ ਦਰਖ਼ਤਾਂ ਦੀ ਛੰਗਾਈ ਲਈ ਬਿਜਲੀ ਸਪਲਾਈ ਬੰਦ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਇਹ ਭਰਮ ਪਾਲੀ ਬੈਠੇ ਹਨ ਕਿ ਜੇਕਰ ਦਰਖਤਾਂ ਦੀ ਛੰਗਾਈ ਉਹ ਖ਼ੁਦ ਕਰਵਾਉਣਗੇ ਤਾਂ ਸਾਰੇ ਸ਼ਹਿਰ ਦੀਆਂ ਵੋਟਾਂ ਲੈ ਲੈਣਗੇ ਜਦੋਂਕਿ ਸ਼ਹਿਰ ਵਾਸੀ ਪਿਛਲੇ ਸਾਢੇ 4 ਸਾਲਾਂ ਦਾ ਹਿਸਾਬ ਲੈਣ ਲਈ ਤਿਆਰ ਬੈਠੇ ਹਨ।
ਸਾਬਕਾ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਰਿਟਰਨਿੰਗ ਅਫ਼ਸਰ ਨੂੰ ਪੱਤਰ ਲਿਖ ਕੇ ਵਾਰਡ ਨੰਬਰ-34 ਵਿੱਚ ਪੈਂਦੀ ਮੇਅਫੇਅਰ ਅਤੇ ਹੋਮਲੈਂਡ ਸੁਸਾਇਟੀ ਦੀਆਂ ਵੋਟਾਂ ਸੈਕਟਰ-70 ਦੀ ਸੂਚੀ ਵਿੱਚ ਸ਼ਾਮਲ ਨਾ ਹੋਣ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-34 ਸੈਕਟਰ-70 ਦੇ ਨਕਸ਼ੇ ਵਿੱਚ ਦਿਖਾਏ ਗਏ ਇਲਾਕੇ ਵਿੱਚ ਦੋ ਸੁਸਾਇਟੀਆਂ ਮੇਅਫੇਅਰ ਅਤੇ ਹੋਮਲੈਂਡ ਦੀਆਂ ਵੋਟਾਂ ਸੂਚੀ ’ਚੋਂ ਗਾਇਬ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵੋਟਾਂ ਨੂੰ ਤੁਰੰਤ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਈਆਰਓ ਕਮ ਐਸਡੀਐਮ ਵੱਲੋਂ ਦਿੱਤੇ ਨੋਟਿਸ ਅਨੁਸਾਰ ਵੋਟਾਂ 1 ਜਨਵਰੀ 2021 ਤੱਕ ਦੇ ਯੋਗ ਉਮੀਦਵਾਰਾਂ ਦੀਆਂ ਬਣਨੀਆਂ ਹਨ ਪਰ ਫਾਰਮ ਨੰਬਰ-7 ਅਨੁਸਾਰ ਜਨਵਰੀ 2020 ਨੂੰ ਹੀ 18 ਸਾਲ ਹੋਣ ’ਤੇ ਵੋਟ ਬਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਥਿਤੀ ਨੂੰ ਵੀ ਤੁਰੰਤ ਸਪੱਸ਼ਟ ਕੀਤਾ ਜਾਵੇ ਤਾਂ ਜੋ ਲੋੜਵੰਦਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …