ਮਨੀਸ਼ ਤਿਵਾੜੀ ਨੇ 19 ਕਿੱਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਤੇ ਮਜਬੂਤੀਕਰਨ ਦੇ ਕੰਮ ਲਈ ਰੱਖਿਆ ਨੀਂਹ ਪੱਥਰ

403.5 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਿੰਘਾ ਦੇਵੀ ਮੰਦਰ ਹਾਈ ਲੈਵਲ ਬ੍ਰਿਜ ਦਾ ਵੀ ਰੱਖਿਆ ਨੀਂਹ ਪੱਥਰ

ਸਮੁੱਚੇ ਸ੍ਰੀ ਅਨੰਦਪਰ ਸਾਹਿਬ ਹਲਕੇ ਦਾ ਸਰਬਪੱਖੀ ਵਿਕਾਸ ਹੀ ਸਾਡਾ ਉਦੇਸ਼: ਮਨੀਸ਼ ਤਿਵਾੜੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 21 ਦਸੰਬਰ:
ਨਬਾਰਡ ਅਧੀਨ ਪ੍ਰਵਾਨਿਤ ਪਿੰਡ ਨਵਾਂ ਗਰਾਓਂ ਤੋਂ ਸਿੰਘਾ ਦੇਵੀ ਮੰਦਰ ਤੱਕ ‘ਪਟਿਆਲਾ ਕੀ ਰਾਓ ਨਦੀ’ ਦੇ ਉੱਪਰ ਹਾਈ ਲੈਵਲ ਬ੍ਰਿਜ (ਐਚਐੱਲਬੀ) ਦਾ ਨਿਰਮਾਣ 403.59 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ ਪ੍ਰਾਜੈਕਟ ਛੇ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐਚਐਲਬੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਦਿੱਤੀ। ਉਨ੍ਹਾਂ ਦੇ ਨਾਲ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਪੈਗਰੈਕਸੋ ਦੇ ਚੇਅਰਮੈਨ ਰਵਿੰਦਰਪਾਲ ਪਾਲੀ, ਪੰਜਾਬ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਇਨਫੋਟੈਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਕੰਗ ਵੀ ਮੌਜੂਦ ਸਨ।
ਇਹ ਪੁਲ (ਬ੍ਰਿਜ) ਖੁੱਡਾ ਲਾਹੌਰਾ ਨੂੰ ਕਰੋਰਾਂ ਲਿੰਕ ਸੜਕ ਤੋਂ ਸਿੰਘਾ ਦੇਵੀ ਕਲੋਨੀ/ਪਿੰਡ ਦੇ ਉੱਪਰ ਦੀ ਹੁੰਦਾ ਹੋਇਆ ਪਟਿਆਲੇ ਕੀ ਰਾਓ ਛੋਟੀ ਨਦੀ ਨਾਲ ਜੋੜਦਾ ਹੈ। ਸਿੰਘਾ ਦੇਵੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਪਿੰਡ ਵਿਚ ਇਕ ਇਤਿਹਾਸਕ ਸਿੰਘਾ ਦੇਵੀ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਲ ਵਿੱਚ ਦੋ ਵਾਰ ਹੋਣ ਵਾਲੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ। ਪਟਿਆਲਾ ਕੀ ਰਾਓ ‘ਤੇ ਪੁਲ ਦੀ ਅਣਹੋਂਦ ਕਾਰਨ ਲੋਕਾਂ ਨੂੰ ਮੰਦਰ ਵਿੱਚ ਜਾਣ ਲਈ ਨਦੀ ਪਾਰ ਕਰਨੀ ਪੈਂਦੀ ਹੈ। ਬਰਸਾਤੀ ਮੌਸਮ ਦੌਰਾਨ ਮੰਦਰ ਦਾ ਪਿੰਡ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਐਚ.ਐਲ.ਬੀ ਦਾ ਨਿਰਮਾਣ ਨਵਾਂ ਗਰਾਓਂ, ਸਿੰਘਾ ਦੇਵੀ ਕਲੋਨੀ ਅਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ-ਨਾਲ ਸ਼ਰਧਾਲੂਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।
ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਖੇਤਰ ਦੇ ਵਿਆਪਕ ਵਿਕਾਸ ’ਤੇ ਮੇਰਾ ਵਿਸ਼ੇਸ਼ ਧਿਆਨ ਹੈ। ਉਨਾਂ ਦੱਸਿਆ ਕਿ ਸਾਰਿਆਂ ਇਲਾਕਿਆਂ ਦਾ ਯੋਜਨਾਬੱਧ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਕੋਈ ਵੀ ਥਾਂ ਵਿਕਾਸ ਤੋਂ ਵਾਂਝੀ ਨਹੀਂ ਰਹੇਗੀ। ਉਨਾਂ ਕਿਹਾ ਕਿ ਕੋਵਿਡ-19 ਫੈਲਣ ਨਾਲ ਪੈਦਾ ਹੋਈ ਵੱਡੀ ਵਿੱਤੀ ਅਤੇ ਮਨੁੱਖੀ ਸ਼ਕਤੀ ਚੁਣੌਤੀਆਂ ਦੇ ਬਾਵਜੂਦ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕੀਤੀ ਗਈ ਹੈ ਅਤੇ ਸਮੇਂ ਸਿਰ ਪੂਰਾ ਹੋਣ ਦਾ ਟੀਚਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ 19 ਕਿੱਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ਮਜ਼ਬੂਤੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ,ਜਿੰਨਾ ਵਿਚ ਮਾਰਕੀਟ ਕਮੇਟੀ ਕੁਰਾਲੀ ਅਧੀਨ ਆਉਂਦੀ 11.31 ਕਿਲੋਮੀਟਰ ਲੰਮੀ ਬੂਥਗੜ ਤੋਂ ਮਾਣਕਪੁਰ ਸ਼ਰੀਫ,ਹਰੀਪੁਰ ਰੋਡ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ ਮਜ਼ਬੂਤੀ ਦੇ ਕੰਮ ਜਿਸ ਤੇ ਕੁੱਲ 426.0 ਲੱਖ ਦੀ ਲਾਗਤ ਅਤੇ 24 ਲੱਖ ਦੀ ਲਾਗਤ ਨਾਲ ਨਾਬਾਰਡ ਅਧੀਨ ਆਉਂਦੀਆਂ ਨਯਾ ਗਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਦੀ ਨਵੀਂ ਉਸਾਰੀ ਅਤੇ ਮਜਬੂਤ ਕਰਨ ਦੇ ਕੰਮ ਅਤੇ ਇਸਦੇ ਨਾਲ ਹੀ 176.27 ਲੱਖ ਦੀ ਲਾਗਤ ਨਾਲ ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ 5 ਕਿਲੋਮੀਟਰ ਸੜਕ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬੂਥਗੜ੍ਹ ਤੋਂ ਹਰੀਪੁਰ ਜਾਣ ਵਾਲੀ ਸੜਕ ਨੂੰ ‘ਆਲ ਵੈਦਰ ਰੋਡ’ ਬਣਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਸੜਕ ਐਮ.ਡੀ.ਆਰ -31 ਨੂੰ ਓਡੀਆਰ-14 ਨਾਲ ਜੋੜਦੀ ਹੈ ਜੋ ਚੰਡੀਗੜ੍ਹ ਤੋਂ ਰੂਪਨਗਰ ਤੱਕ ਸਭ ਤੋਂ ਛੋਟੇ ਰਸਤੇ ਵਜੋਂ ਜਾਣੀ ਜਾਂਦੀ ਹੈ। ਜਿਸ ਕਾਰਨ ਭਾਰੀ ਆਵਾਜਾਈ ਇਸ ਸੜਕ ਤੋਂ ਲੰਘਦੀ ਹੈ। ਇਸ ਲਈ ਇਸ ਸੜਕ ਨੂੰ ਚੌੜਾ ਕਰਨਾ ਅਤੇ ਮਜਬੂਤ ਕਰਨਾ ਬਹੁਤ ਲਾਭਕਾਰੀ ਹੋਵੇਗਾ। ਨਵਾਂ ਗਰਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਜੋ ਇਕ ਅੰਤਰ-ਰਾਜੀ ਸੜਕ ਹੈ ਅਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ ਤੋਂ ਪੀਜੀਆਈਐਮਆਰ ਚੰਡੀਗੜ੍ਹ ਆਉਣ ਵਾਲੇ ਮਰੀਜ਼ਾਂ ਲਈ ਸਾਰਟਕੱਟ ਵਜੋਂ ਕੰਮ ਕਰੇਗੀ। ਇਸ ਨੂੰ ਚੌੜਾ/ਮਜ਼ਬੂਤ ਕਰਨਾ ਅਤੇ ਨਵੀਂ ਉਸਾਰੀ ਕਰਨ ਨਾਲ ਪੰਜੌਰ ਤੋਂ ਪੀਜੀਆਈ ਦੀ ਦੂਰੀ 5 ਕਿੱਲੋਮੀਟਰ ਘੱਟ ਜਾਵੇਗੀ ਜੋ ਪੀਜੀਆਈ ਆਉਣ ਵਾਲੇ ਮਰੀਜ਼ਾਂ ਦੀ ਕੀਮਤੀ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ।
ਪਿੰਡ ਜੈਂਤੀ ਮਾਜਰੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਇਸ ਪਿੰਡ ਵਿਚ ਇਕ ਇਤਿਹਾਸਕ ਜੈਂਤੀ ਮਾਤਾ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ ਸੜਕ ਦੀ ਨਵੀਂ ਉਸਾਰੀ ਨਾਲ ਉਨਾਂ ਦੀ ਯਾਤਰਾ ਦੀ ਦੂਰੀ ਤਕਰੀਬਨ 3.00 ਕਿਲੋਮੀਟਰ ਘੱਟ ਜਾਵੇਗੀ। ਇਸ ਕੱਚੇ ਰਸਤੇ ਦੇ ਆਸ-ਪਾਸ ਖੇਤ ਹਨ ਅਤੇ ਇਨਾਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਇਸ ਸੜਕ ਦੇ ਨਿਰਮਾਣ ਨਾਲ ਭਾਰੀ ਲਾਭ ਹੋਏਗਾ ਕਿਉਂਕਿ ਉਹ ਆਪਣੀ ਜਿਣਸ ਨੂੰ ਇਸ ਪ੍ਰਸਤਾਵਿਤ ਸੜਕ ਰਾਹੀਂ ਆਸਾਨੀ ਨਾਲ ਕੁਰਾਲੀ ਅਤੇ ਚੰਡੀਗੜ ਲਿਜਾ ਸਕਣਗੇ। ਫਿਲਹਾਲ ਫਿਰੋਜ਼ਪੁਰ ਪਿੰਡ ਨੂੰ ਜੈਂਤੀ ਮਾਜਰੀ ਪਿੰਡ ਨਾਲ ਜੋੜਨ ਵਾਲੀ ਕੋਈ ਪੱਕੀ ਸੜਕ ਨਹੀਂ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਇਸ ਲਿੰਕ ਦੇ ਨਿਰਮਾਣ ਨਾਲ ਇਨਾਂ ਦੋਵਾਂ ਪਿੰਡਾਂ ਦੇ ਵਸਨੀਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਯਾਤਰਾ ਕਰਨ ਦਾ ਸਮਾਂ ਕਾਫ਼ੀ ਘੱਟ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…