ਜਾਅਲੀ ਐਸਸੀ ਸਰਟੀਫਿਕੇਟ ਮਾਮਲਾ: ਭਲਾਈ ਵਿਭਾਗ ਦੇ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਧਰਨਾ

ਜਾਅਲੀ ਜਾਤੀ ਸਰਟੀਫਿਕੇਟਾਂ ਦੀ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕਰੇ ਭਲਾਈ ਵਿਭਾਗ: ਅਸ਼ੋਕ ਮਹਿੰਦਰਾ

ਐਸਸੀ ਸਰਟੀਫਿਕੇਟ ਸਬੰਧੀ ਕੇਸਾਂ ਵਿੱਚ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਵਾਓ ਮੋਰਚਾ ਵੱਲੋਂ ਅੱਜ ਮੁਹਾਲੀ ਸਥਿਤ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ-ਹੜਤਾਲ ਦੇ ਤਹਿਤ ਧਰਨਾ ਦਿੱਤਾ ਗਿਆ। ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਨਾਮ ਉੱਤੇ ਹਜ਼ਾਰਾਂ ਜਾਅਲੀ ਜਾਤੀ ਸਰਟੀਫਿਕੇਟਾਂ ਰਾਹੀਂ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਜਾਅਲੀ ਦਾਖ਼ਲਿਆਂ ਦਾ ਸਿਲਸਿਲਾ ਜਾਰੀ ਹੈ ਪ੍ਰੰਤੂ ਸੂਬਾ ਸਰਕਾਰ ਇਨ੍ਹਾਂ ਫਰਜ਼ੀ ਅਨੁਸੂਚਿਤ ਜਾਤੀ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਨੱਥ ਪਾਉਣ ਵਿੱਚ ਅਸਫਲ ਸਾਬਤ ਹੋ ਰਹੀ ਹੈ।
ਸ੍ਰੀ ਕੈਂਥ ਨੇ ਕਿਹਾ ਕਿ ਇਸ ਸਬੰਧੀ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਲੇਕਿਨ ਉਸ ’ਤੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਅਧਿਕਾਰੀ ਜਾਣਬੁੱਝ ਕੇ ਸ਼ਿਕਾਇਤ ਕਰਤਾਵਾਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੁਝ ਅਧਿਕਾਰੀ ਰਿਸ਼ਵਤ ਲੈ ਕੇ ਜਾਅਲੀ ਜਾਤੀ ਸਰਟੀਫਿਕੇਟ ਬਣਾਉਣ ਦਾ ਧੰਦਾ ਚਲਾ ਰਹੇ ਹਨ। ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਅਜਿਹੇ ਗੰਭੀਰ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਸਮਾਜ ਸੇਵੀ ਆਗੂ ਅਸ਼ੋਕ ਮਹਿੰਦਰਾ ਨੇ ਕਿਹਾ ਕਿ ਜਦੋਂ ਤੱਕ ਭਲਾਈ ਵਿਭਾਗ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਸਬੰਧੀ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦਾ ਉਦੋਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ।
ਇਸ ਦੌਰਾਨ ਡਿਪਟੀ ਡਾਇਰੈਕਟਰ ਨੇ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਪੱਤਰ ਭੇਜਿਆ ਤਾਂ ਅਸ਼ੋਕ ਮਹਿੰਦਰਾ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਬਲਰਾਜ ਸਿੰਘ ਆਦਿ ਆਗੂਆਂ ਨੇ ਅਧਿਕਾਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ 9 ਸ਼ਿਕਾਇਤਾਂ ’ਚੋਂ 3 ਸ਼ਿਕਾਇਤਾਂ ’ਤੇ ਭਲਕੇ 22 ਦਸੰਬਰ ਨੂੰ ਵਿਜੀਲੈਂਸ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਅਤੇ ਬਾਕੀ ਸ਼ਿਕਾਇਤਾਂ ਦਾ ਹਫ਼ਤੇ ਤੱਕ ਨਿਪਟਾਰਾ ਕਰ ਦਿੱਤਾ ਜਾਵੇਗਾ। ਉੱਚ ਅਧਿਕਾਰੀ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਕੁਝ ਸਮੇਂ ਲਈ ਮੁਲਤਵੀ ਕਰਦਿਆਂ ਕਿਹਾ ਗਿਆ ਕਿ ਜੇਕਰ ਵਿਭਾਗ ਨੇ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਮੁੜ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਇਸ ਮੌਕੇ ਸੀਨੀਅਰ ਵਕੀਲ ਐਸ.ਕੇ. ਖੁਰਚਾ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਜਾਅਲੀ ਐਸਸੀ ਸਰਟੀਫਿਕੇਟ ਕੇਸਾਂ ਵਿੱਚ ਮੁਫ਼ਤ ਕਾਨੂੰਨੀ ਸੇਵਾਵਾਂ ਦੇਣਗੇ।
ਇਸ ਮੌਕੇ ਪਵਨ ਕੁਮਾਰ, ਬਲਰਾਜ ਸਿੰਘ, ਊਸ਼ਾ ਰਾਣੀ, ਕੁਲਵੰਤ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਊਧਮ ਸਿੰਘ ਚੌਹਾਨ, ਮਨਜੀਤ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਨਾਗਰਾ, ਲਖਵਿੰਦਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਹੈਰੀ, ਜਗਤਾਰ ਸਿੰਘ ਤਾਰੀ, ਬਿਕਰਮ ਸਿੰਘ, ਸੋਨੂ ਕੌਲੀ, ਬਲਵੀਰ ਸਿੰਘ, ਮਨਵੀਰ ਸਿੰਘ ਪਟਿਆਲਾ, ਅਮਰਪ੍ਰੀਤ ਸਿੰਘ ਜੁਗਨੂ, ਤਰਸੇਮ ਸਿੰਘ ਚੰਦੂਮਾਜਰਾ, ਗਗਨਦੀਪ ਸਿੰਘ, ਰਾਜ ਕੁਮਾਰ, ਸੋਹਣ ਸਿੰਘ ਡੈਂਟਰ, ਸ਼ਲਿੰਦਰ ਸਿੰਘ ਮੋਗਾ, ਗੁਰਮੀਤ ਸਿੰਘ ਫਾਜ਼ਿਲਕਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…