Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਕੌਂਸਲਰਾਂ ਨਾਲ ਕੀਤੀ ਮੀਟਿੰਗ ਸੁਖਬੀਰ ਬਾਦਲ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਦੀ ਖੁੱਲ੍ਹ ਕੇ ਤਾਰੀਫ਼ ਨਗਰ ਨਿਗਮ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀ ਜਾਵੇਗੀ: ਸੁਖਬੀਰ ਬਾਦਲ ਤਕੜੇ ਹੋ ਕੇ ਚੋਣ ਲੜਣ ਲਈ ਪ੍ਰੇਰਿਆ, ਚੋਣ ਲੜਨ ਦੇ ਚਾਹਵਾਨਾਂ ਤੋਂ 31 ਦਸੰਬਰ ਤੱਕ ਅਰਜ਼ੀਆਂ ਮੰਗੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ: ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਚੋਣ ਕਰਨ ਲਈ ਹਾਲ ਹੀ ਵਿੱਚ ਬਣਾਈ ਗਈ ਪੰਜ ਮੈਂਬਰੀ ਕਮੇਟੀ ਦਾ ਤਿੱਖਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਹਾਈ ਕਮਾਂਡ ਨੇ ਨੁਕਸਾਨ ਤੋਂ ਬਚਣ ਲਈ ਨਾਰਾਜ਼ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੂੰ ਪਤਿਆਉਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਸਮੇਤ ਸਮੂਹ ਸਾਬਕਾ ਕੌਂਸਲਰਾਂ ਅਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਸਾਰਿਆਂ ਨੂੰ ਤਕੜੇ ਹੋ ਕੇ ਚੋਣ ਲੜਨ ਲਈ ਪ੍ਰੇਰਿਆ। ਇਸ ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਵੀ ਸ਼ਾਮਲ ਦੱਸੇ ਗਏ ਹਨ। ਸੁਖਾਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਸਾਰਿਆਂ ਨੇ ਪਾਰਟੀ ਪ੍ਰਧਾਨ ਦੀ ਗੱਲ ਨਾਲ ਸਹਿਮਤੀ ਜਾਹਰ ਕੀਤੀ। ਸੁਖਬੀਰ ਨੇ ਸਪੱਸ਼ਟ ਕੀਤਾ ਕਿ ਨਿਗਮ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਜਾਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਕੀਤਾ ਕਿ ਅਕਾਲੀ ਦਲ ਲਈ ਨਗਰ ਨਿਗਮ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਇਸ ਦੌਰਾਨ ਉਹ ਖ਼ੁਦ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਸਰਗਰਮੀ ਨਾਲ ਹਿੱਸਾ ਲੈਣਗੇ। ਸ੍ਰੀ ਬਾਦਲ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਸਾਰੇ ਕੌਂਸਲਰਾਂ ਦੀ ਪਿੱਠ ਥਾਪੜ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਸਰਕਾਰ ਵੇਲੇ ਹੀ ਹੋਇਆ ਹੈ ਜਦੋਂਕਿ ਕਾਂਗਰਸ ਨੇ ਤਾਂ ਸਿਰਫ਼ ਲੁੱਟ ਖਸੁੱਟ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਹ ਖ਼ੁਦ ਮੁਹਾਲੀ ਵਿਖੇ ਕਾਂਗਰਸ ਸਰਕਾਰ ਵੱਲੋਂ ਕੀਤੇ ਘਪਲਿਆਂ ਨੂੰ ਜਨਤਕ ਕਰਨਗੇ ਅਤੇ ਪਾਰਟੀ ਦੀ ਜਿੱਤ ਲਈ ਉਨ੍ਹਾਂ ਸਮੇਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਆਗੂ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਨਗਰ ਨਿਗਮ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀ ਜਾਵੇਗੀ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰ 31 ਦਸੰਬਰ ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਤੋਂ ਬਾਅਦ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਦੱਸਿਆ ਕਿ ਪਾਰਟੀ ਵੱਲੋਂ 5 ਜਨਵਰੀ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਇਨ੍ਹਾਂ ਚੋਣਾ ਦੌਰਾਨ ਅਗਵਾਈ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਵੱਡੀ ਗਿਣਤੀ ਨਾਲ ਪਤਾ ਲੱਗਦਾ ਹੈ ਕਿ ਮੁਹਾਲੀ ਵਿੱਚ ਅਕਾਲੀ ਦਲ ਦੀ ਸਥਿਤੀ ਬਹੁਤ ਮਜ਼ਬੂਤ ਹੈ ਅਤੇ ਨਗਰ ਨਿਗਮ ਮੁਹਾਲੀ ਦੀ ਚੋਣ ਵਿੱਚ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ। ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਨੁਸਾਰ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਗਮ ਚੋਣਾਂ ਲੜਨ ਵਾਲੇ ਉਮੀਦਵਾਰਾਂ ਨਾਲ ਨਿੱਜੀ ਤੌਰ ’ਤੇ ਗੱਲ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਅਕਾਲੀ ਦਲ ਤਕੜਾ ਹੋ ਕੇ ਚੋਣ ਲੜੇਗਾ। ਉਨ੍ਹਾਂ ਕਿਹਾ ਕਿ 31 ਦਸੰਬਰ ਤੱਕ ਮਿਲੀਆਂ ਅਰਜ਼ੀਆਂ ’ਤੇ ਵਿਚਾਰ ਕਰਨ ਲਈ 1 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਜ਼ਿਆਦਾਤਰ ਸੀਟਾਂ ਉਸੇ ਦਿਨ ਐਲਾਨ ਦਿੱਤੀਆਂ ਜਾਣਗੀਆਂ ਜਦੋਂਕਿ ਬਾਕੀ ਦੀਆਂ ਸੀਟਾਂ ਬਾਰੇ ਫੈਸਲਾ ਵੀ ਜਲਦੀ ਕਰ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ