Nabaz-e-punjab.com

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਤੇ ਨਸ਼ੀਲਾ ਪਾਊਡਰ ਸਪਲਾਈ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 2 ਲੱਖ ਰੁਪਏ, 4 ਮੋਬਾਈਲ, 2 ਲੈਪਟਾਪ 10 ਸਰਿੰਜਾਂ ਸਮੇਤ 4 ਰਜਿਸਟਰ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਸਬ ਇੰਸਪੈਕਟਰ ਪਵਨ ਕੁਮਾਰ ਅਤੇ ਏਐਸਆਈ ਦੀਪਕ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਰਾਜੇਸ਼ ਕੁਮਾਰ ਵਾਸੀ ਸੈਕਟਰ-56 (ਯੂਟੀ), ਜੋਨੀ ਬਾਗਲਾ ਵਾਸੀ ਅਨੂਪਗੜ੍ਹ, ਜ਼ਿਲ੍ਹਾ ਗੰਗਾਨਗਰ ਹਾਲ ਵਾਸੀ ਜਲਵਾਯੂ ਵਿਹਾਰ ਮੁਹਾਲੀ, ਵਿਜੇ ਰਾਣਾ ਵਾਸੀ ਸੈਕਟਰ-41ਏ (ਚੰਡੀਗੜ੍ਹ) ਅਤੇ ਅਸ਼ਵਨੀ ਚੌਹਾਨ ਵਾਸੀ ਸੈਕਟਰ-19 (ਪੰਚਕੂਲਾ) ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਂਦੇ ਹਨ। ਇਹ ਆਪਣੇ ਮੋਬਾਈਲ ਅਤੇ ਲੈਪਟਾਪ ਰਾਹੀਂ ਵੱਡੇ ਪੱਧਰ ’ਤੇ ਮੈਚ ਫਿਕਸਿੰਗ ਦਾ ਧੰਦਾ ਲੈਪਟਾਪ ਅਤੇ ਫੋਨਾਂ ਰਾਹੀਂ ਕਰਦੇ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਬਣਾਈ ਗਈ ਵਿਸ਼ੇਸ਼ ਟੀਮ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨਾ ਸਿਰਫ਼ ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਂਦੇ ਹਨ ਅਤੇ ਮੈਚ ਫਿਕਸਿੰਗ ਦਾ ਧੰਦਾ ਕਰਦੇ ਹਨ ਬਲਕਿ ਉਹ ਆਪਣੇ ਪੱਕੇ ਗਾਹਕਾਂ ਨੂੰ ਨਸ਼ੀਲੇ ਪਦਾਰਥ ਵੀ ਸਪਲਾਈ ਕਰਦੇ ਹਨ। ਇਸ ਸਬੰਧੀ ਉਕਤ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 420, ਜੂਆ ਐਕਟ ਅਤੇ ਐੱਨਡੀਪੀਐੱਸ ਐਕਟ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਚੰਡੀਗੜ੍ਹ ਨੰਬਰ ਦੀ ਕਾਰ ਸਮੇਤ ਮੁਹਾਲੀ-ਖਰੜ ਨੈਸ਼ਨਲ ਹਾਈਵੇਅ 21 ’ਤੇ ਸਥਿਤ ਕ੍ਰਿਸ਼ਚਨ ਹਾਈ ਸਕੂਲ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ’ਤੇ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੂੰ ਮੌਕੇ ’ਤੇ ਸੱਦਿਆ ਗਿਆ। ਜਿਨ੍ਹਾਂ ਦੀ ਨਿਗਰਾਨੀ ਵਿੱਚ ਉਕਤ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਰਾਜੇਸ਼ ਕੁਮਾਰ ਕੋਲੋਂ 300 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਜਦੋਂਕਿ ਕਾਰ ਦੀ ਤਲਾਸ਼ੀ ਲੈਣ ’ਤੇ ਬਾਕੀ ਮੁਲਜ਼ਮਾਂ ਕੋਲੋਂ 4 ਮੋਬਾਈਲ ਫੋਨ ਅਤੇ ਸੱਟੇ ਦੀ ਰਾਸ਼ੀ 2 ਲੱਖ 2 ਹਜ਼ਾਰ ਰੁਪਏ, 2 ਲੈਪਟਾਪ, 10 ਸਰਿੰਜਾਂ ਅਤੇ 4 ਰਜਿਸਟਰ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਮੰਨਿਆਂ ਕਿ ਉਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਹ ਧੰਦਾ ਚਲਾ ਰਹੇ ਸੀ ਅਤੇ ਵੱਡੀ ਪੱਧਰ ’ਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਂਦੇ ਸੀ। ਇਸ ਗਰੋਹ ਦੇ ਮੁਖੀ ਰਾਜੇਸ਼ ਕੁਮਾਰ ਪਾਸਵਾਨ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ, ਮੁਹਾਲੀ ਵਿਖੇ ਜੂਆ ਐਕਟ, ਇਰਾਦਾ-ਏ-ਕਤਲ, ਅਸਲਾ ਐਕਟ ਦੇ ਪਰਚੇ ਦਰਜ ਹਨ। ਸੈਕਟਰ-39 ਦੇ ਥਾਣੇ ਵਿੱਚ ਬੀਤੀ 13 ਅਕਤੂਬਰ ਨੂੰ ਦਰਜ ਕੀਤੇ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਉਹ ਫਰਾਰ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…