ਮੁਹਾਲੀ ਨੂੰ ਵਿਕਾਸ ਪੱਖੋਂ ਮਾਡਲ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ: ਬਲਬੀਰ ਸਿੱਧੂ

ਰਿਹਾਇਸ਼ੀ ਕੰਪਲੈਕਸਾਂ, ਕਲੋਨੀਆਂ, ਮਾਰਕੀਟਾਂ ਤੇ ਪਾਰਕਾਂ ਵਿੱਚ ਵਿਕਾਸ ਕਾਰਜ ਪ੍ਰਗਤੀ ਅਧੀਨ

ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਸਥਾਪਿਤ ਕੀਤੇ ਜਾਣਗੇ 20 ਓਪਨ-ਏਅਰ ਜਿਮ

ਅੱਠ ਨਵੇਂ ਖ਼ਰੀਦੇ ਪਾਣੀ ਦੇ ਟੈਂਕਰ ਸ਼ਹਿਰ ਵਾਸੀਆਂ ਨੂੰ ਕੀਤੇ ਸਮਰਪਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਪਾਣੀ ਅਤੇ ਸੀਵਰੇਜ ਦੇ ਖ਼ਰਚਿਆਂ ਵਿੱਚ ਅਸਮਾਨਤਾ ਦੇ ਦੌਰ ਨੂੰ ਖ਼ਤਮ ਕਰਦਿਆਂ ਗਮਾਡਾ ਵੱਲੋਂ ਅੱਜ ਰਸਮੀ ਤੌਰ ’ਤੇ ਜਲ ਸਪਲਾਈ ਅਤੇ ਸੀਵਰੇਜ ਦਾ ਸੰਚਾਲਨ ਅਤੇ ਰੱਖ-ਰਖਾਓ ਨਗਰ ਨਿਗਮ ਨੂੰ ਸੌਂਪਿਆ ਗਿਆ। ਜਿਸਦੇ ਨਾਲ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਸੈਕਟਰਾਂ ਵਿੱਚ ਜਲ ਸਪਲਾਈ ਦੇ ਇਕ ਸਮਾਨ ਚਾਰਜ ਲਏ ਜਾਣਗੇ। ਜਦੋਂਕਿ ਇਸ ਤੋਂ ਪਹਿਲਾਂ ਗਮਾਡਾ ਵੱਲੋਂ ਸੈਕਟਰ-66 ਤੋਂ 69 ਤੇ ਸੈਕਟਰ-76 ਤੋਂ 80 ਦੇ ਬਾਸ਼ਿੰਦਿਆਂ ਤੋਂ ਕਈ ਗੁਣਾ ਵੱਧ ਪੈਸੇ ਵਸੂਲੇ ਜਾਂਦੇ ਸੀ। ਇਸ ਸਬੰਧੀ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦ ਮੌਜੂਦਗੀ ਵਿੱਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਸਮਝੌਤਾ ਸਹੀਬੱਧ ਕੀਤਾ ਗਿਆ।
ਨਗਰ ਨਿਗਮ ਭਵਨ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਸੋਹਾਣਾ, ਕੁੰਭੜਾ ਅਤੇ ਸੈਕਟਰ-66 ਤੋਂ 69 ਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਗਮਾਡਾ ਅੌਸ਼ਤਨ 10 ਰੁਪਏ ਪ੍ਰਤੀ 1000 ਲੀਟਰ ਚਾਰਜ ਕਰਦਾ ਸੀ ਜਦੋਂਕਿ ਨਗਰ ਨਿਗਮ ਸਿਰਫ਼ 1.80 ਰੁਪਏ ਪ੍ਰਤੀ 1000 ਲੀਟਰ ਵਸੂਲ ਕਰਦਾ ਹੈ। ਇਸ ਫੈਸਲੇ ਨਾਲ ਉਕਤ ਇਲਾਕੇ ਦੇ ਲੋਕਾਂ ਨੂੰ 7 ਤੋਂ 8 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਪੱਖੋਂ ਮੁਹਾਲੀ ਨੂੰ ਮਾਡਲ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਕੰਪਲੈਕਸਾਂ, ਕਲੋਨੀਆਂ, ਮਾਰਕੀਟਾਂ ਅਤੇ ਪਾਰਕਾਂ ਵਿੱਚ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ। ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰੂਨੀ ਵਿਕਾਸ ਕਾਰਜਾਂ ’ਤੇ 3.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਹਾਊਸਫੈੱਡ ਅਪਾਰਟਮੈਂਟ ਦੇ ਵਿਕਾਸ ’ਤੇ 100 ਕਰੋੜ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਵੱਡੇ ਪਾਰਕ ਵਿੱਚ ਓਪਨ-ਏਅਰ ਜਿਮ ਸਥਾਪਿਤ ਕੀਤੇ ਜਾਣਗੇ ਅਤੇ 20 ਹੋਰ ਪਾਰਕਾਂ ਵਿੱਚ ਓਪਨ-ਏਅਰ ਜਿਮ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।
ਇਸ ਉਪਰੰਤ ਸ੍ਰੀ ਸਿੱਧੂ ਨੇ ਨਗਰ ਨਿਗਮ ਭਵਨ ਤੋਂ ਇੱਕ ਟਰੈਕਟਰ ਅਤੇ 4 ਹਜ਼ਾਰ ਲੀਟਰ ਸਮਰੱਥਾ ਵਾਲੇ ਪਾਣੀ ਦੇ 8 ਟੈਂਕਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 26 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੇ ਪਾਣੀ ਦੇ ਟੈਂਕਰਾਂ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਇਹ ਸ਼ਹਿਰ ਵਿੱਚ ਐਮਰਜੈਂਸੀ, ਜ਼ਰੂਰਤ/ਪਾਈਪਾਂ ਦੀ ਮੁਰੰਮਤ ਸਮੇਂ ਪਾਣੀ ਦੀ ਸਪਲਾਈ ਦੀ ਪੂਰਤੀ ਲਈ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਨਗਰ ਨਿਗਮ ਵੱਲੋਂ 33 ਲੱਖ ਰੁਪਏ ਵਾਲੀ ਇੱਕ ਦੀ ਵੱਡੀ ਛੰਗਾਈ ਵਾਲੀ ਮਸ਼ੀਨ ਖਰੀਦੀ ਜਾਵੇਗੀ। ਇਹ ਮਸ਼ੀਨ 65 ਫੁੱਟ ਉੱਚੇ ਰੁੱਖਾਂ ਦੀ ਛੰਗਾਈ ਵਿੱਚ ਸਹਾਇਤਾ ਕਰੇਗੀ। ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਸੁੱਚਾ ਸਿੰਘ ਕਲੌੜ, ਰਾਜੇਸ਼ ਲਖੋਤਰਾ, ਨਵਤੇਜ ਬਾਂਸਲ, ਗੁਰਮੁੱਖ ਸਿੰਘ, ਕੁਲਵਿੰਦਰ ਸੰਜੂ, ਵਿਨੀਤ ਮਲਿਕ ਅਤੇ ਚੈਰੀ ਸਿੱਧੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…